Victoria government logo

ਤੁਹਾਡੀ ਕਿੰਡਰ ਕਿੱਟ ਬਾਰੇ

ਬੱਚਿਆਂ ਲਈ, ਖੇਡਣਾ ਅਤੇ ਸਿੱਖਣਾ ਨਾਲ-ਨਾਲ ਚੱਲਦਾ ਹੈ। ਖੇਡਣਾ ਇਸ ਤਰ੍ਹਾਂ ਹੈ ਕਿ ਬੱਚੇ ਆਪਣੇ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਬਾਰੇ ਕਿਵੇਂ ਖੋਜਦੇ ਅਤੇ ਸਿੱਖਦੇ ਹਨ। ਮਾਪੇ ਅਤੇ ਪਰਿਵਾਰ ਉਸ ਯਾਤਰਾ ਦਾ ਵੱਡਾ ਹਿੱਸਾ ਹਨ। ਤੁਹਾਡੇ ਬੱਚੇ ਦੀ ਕਿੰਡਰ ਕਿੱਟ ਵਿੱਚਲੀ ਹਰੇਕ ਚੀਜ਼ ਨੂੰ ਇੱਕ ਪਰਿਵਾਰ ਵਜੋਂ ਸਾਂਝਾ ਕਰਨ ਅਤੇ ਆਨੰਦ ਲੈਣ ਲਈ ਵਿਉਂਤਿਆ ਗਿਆ ਹੈ।

ਕਿੰਡਰਗਾਰਟਨ ਵਿਖੇ, ਵਿਕਟੋਰੀਅਨ ਅਰਲੀ ਯੀਅਰਜ਼ ਲਰਨਿੰਗ ਐਂਡ ਡਿਵੈਲਪਮੈਂਟ ਫਰੇਮਵਰਕ (VEYLDF) ਦੀ ਵਰਤੋਂ ਸਿੱਖਣ ਦੇ ਤਜ਼ਰਬੇ ਬਨਾਉਣ ਲਈ ਕੀਤੀ ਜਾਂਦੀ ਹੈ ਜੋ ਤੁਹਾਡੇ ਬੱਚੇ ਨੂੰ ਸਿੱਖਣ ਅਤੇ ਵਿਕਾਸ ਦੇ ਪੰਜ ਨਤੀਜਿਆਂ ਵਿੱਚ ਅੱਗੇ ਵਧਣ ਅਤੇ ਵਧਣ-ਫੁੱਲਣ ਵਿੱਚ ਸਹਾਇਤਾ ਕਰਦੇ ਹਨ। ਇਹ ਪੰਜ ਨਤੀਜੇ ਹਨ:

 • ਪਛਾਣ
 • ਭਾਈਚਾਰਾ
 • ਭਲਾਈ
 • ਸਿੱਖਣਾ
 • ਸੰਚਾਰ

ਕਹਾਣੀ ਸੁਨਾਉਣ ਵਾਲੇ ਕਿਊਬ

ਕਹਾਣੀ ਸੁਨਾਉਣਾ ਇਸ ਗੱਲ ਦਾ ਮਹੱਤਵਪੂਰਣ ਹਿੱਸਾ ਹੈ ਕਿ ਬੱਚੇ ਆਪਣੇ ਰੋਜ਼ਾਨਾ ਤਜ਼ਰਬਿਆਂ ਦਾ ਮਤਲਬ ਕਿਵੇਂ ਕੱਢਦੇ ਹਨ। ਇਹ ਸਾਖਰਤਾ ਵਿਕਾਸ ਵਿੱਚ ਸਹਿਯੋਗ ਕਰਦਾ ਹੈ ਅਤੇ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ।

ਤੁਸੀਂ ਆਪਣੇ ਬੱਚੇ ਨੂੰ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਵਿੱਚ ਕਿਊਬਾਂ ਨਾਲ ਨਵੇਂ ਸ਼ਬਦ ਸਿੱਖਣ ਵਿੱਚ ਮਦਦ ਕਰ ਸਕਦੇ ਹੋ।

 • ਵਾਰੀ ਲਓ, ਤਸਵੀਰਾਂ ਦੇ ਨਾਮ ਦੱਸੋ
 • ਉਹਨਾਂ ਨਾਲ ਬਣਾਓ
 • ਕਹਾਣੀਆਂ ਸੁਣਾਓ
 • ਸਵਾਲ ਪੁੱਛੋ

ਮੋਮੀ ਰੰਗਾਂ ਵਾਲੀਆਂ ਪੈਨਸਿਲਾਂ (ਕਰੇਓਨ) ਅਤੇ ਕਲਾ ਵਾਲੀ ਕਾਪੀ

ਰੰਗਾਂ ਵਾਲੀਆਂ ਪੈਨਸਿਲਾਂ (ਕਰੇਓਨ) ਨਾਲ ਡਰਾਇੰਗ ਬਨਾਉਣਾ ਸਿੱਖਣ ਦੇ ਬਹੁਤ ਸਾਰੇ ਤਰੀਕੇ ਪ੍ਰਦਾਨ ਕਰਦਾ ਹੈ:

 • ਪੈਨਸਿਲ ਫੜ੍ਹਨ ਵਰਗੀਆਂ ਕੋਮਲ ਮੋਟਰ ਮੁਹਾਰਤਾਂ ਵਿੱਚ ਸੁਧਾਰ ਕਰਨਾ
 • ਹੱਥ-ਅੱਖ ਦਾ ਤਾਲਮੇਲ
 • ਰੰਗ ਅਤੇ ਸ਼ਕਲ ਬਾਰੇ ਸਿੱਖਣਾ
 • ਕਾਗਜ਼ ਅਤੇ ਹੋਰ ਸਮੱਗਰੀਆਂ ਨਾਲ ਸਿਰਜਣਾਤਮਕਤਾ ਦਾ ਪ੍ਰਗਟਾਵਾ ਕਰਨਾ।

ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਤੁਹਾਡਾ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਤਰੀਕੇ ਅਤੇ ਆਤਮ-ਵਿਸ਼ਵਾਸ ਨਾਲ ਪ੍ਰਗਟ ਕਰਨਾ ਸਿੱਖੇਗਾ। ਕੁਝ ਬੱਚੇ ਅਜਿਹੇ ਚਿੰਨ੍ਹ ਬਣਾ ਰਹੇ ਹੋ ਸਕਦੇ ਹਨ ਜੋ ਤੁਹਾਡੇ ਵਾਸਤੇ ਪਛਾਣਨਯੋਗ ਨਹੀਂ ਹਨ ਅਤੇ ਇਹ ਠੀਕ ਹੈ। ਇਹ ਤਸਵੀਰ ਵਾਹੁਣਾ ਸਿੱਖਣ ਦੀ ਕੁਦਰਤੀ ਪ੍ਰਕਿਰਿਆ ਹੈ।

 • ਵਿਚਾਰਾਂ ਨੂੰ ਪ੍ਰੇਰਿਤ ਕਰਨ ਲਈ ਕਲਾ ਵਾਲੀ ਕਾਪੀ ਦੀ ਵਰਤੋਂ ਕਰੋ
 • ਪਰਿਵਾਰ ਦੇ ਤਸਵੀਰਾਂ ਵਾਹੁਣ ਦੇ ਤਜ਼ਰਬਿਆਂ ਨੂੰ ਉਤਸ਼ਾਹਿਤ ਕਰੋ
 • ਜਦੋਂ ਤੁਸੀਂ ਵਾਹੁੰਦੇ ਹੋ ਤਾਂ ਗੱਲ ਕਰੋ
 • ਰੰਗਾਂ ਅਤੇ ਆਕਾਰਾਂ ਦਾ ਨਾਮ

ਬੀਜ

ਬੱਚਿਆਂ ਨਾਲ ਬੀਜ ਬੀਜਣਾ ਅਮੀਰ, ਵਿਗਿਆਨ-ਆਧਾਰਿਤ ਸਿੱਖਣ ਦਾ ਤਜ਼ਰਬਾ ਹੈ ਜੋ ਉਹਨਾਂ ਨੂੰ ਕੁਦਰਤੀ ਸੰਸਾਰ ਦੇ ਅਜੂਬੇ ਨੂੰ ਦੇਖਣ ਦੀ ਆਗਿਆ ਦਿੰਦਾ ਹੈ। ਉਹ ਕੁਦਰਤ ਬਾਰੇ ਸਿੱਖਣਗੇ, ਭਾਸ਼ਾ ਬਨਾਉਣਗੇ ਅਤੇ ਸਧਾਰਣ ਹਿਦਾਇਤਾਂ ਦੀ ਪਾਲਣਾ ਕਰਨਾ ਸਿੱਖਣਗੇ। ਉਹ ਸਮੇਂ ਦੇ ਨਾਲ ਚੀਜ਼ਾਂ ਦਾ ਨਿਰੀਖਣ ਕਰਨਾ ਵੀ ਸਿੱਖਣਗੇ।

 • ਪੌਦਿਆਂ ਬਾਰੇ ਗੱਲ ਕਰੋ ਅਤੇ ਉਹਨਾਂ ਦੇ ਹਿੱਸਿਆਂ ਦਾ ਨਾਮ ਦੱਸੋ
 • ਇਹਨਾਂ ਨੂੰ ਇਕੱਠਿਆਂ ਹੋ ਕੇ ਲਗਾਓ
 • ਹਰ ਸਵੇਰ ਵਾਧੇ ਦੀ ਜਾਂਚ ਕਰੋ
 • ਬਾਜ਼ਾਰ ਵਿੱਚ ਫਲ਼ਾਂ ਅਤੇ ਸਬਜ਼ੀਆਂ ਦੇ ਨਾਮ ਦੱਸੋ

ਜਾਨਵਰਾਂ ਨੂੰ ਧਾਗੇ ਨਾਲ ਪਿਰੋਣਾ

ਸ਼ੁਰੂਆਤੀ ਬਚਪਨ ਓਦੋਂ ਹੁੰਦਾ ਹੈ ਜਦੋਂ ਬੱਚੇ ਹੱਥਾਂ, ਉਂਗਲਾਂ, ਗੁੱਟਾਂ, ਪੈਰਾਂ ਅਤੇ ਪੰਜਿਆਂ ਵਿਚਲੀਆਂ ਛੋਟੀਆਂ ਮਾਸਪੇਸ਼ੀਆਂ ਉੱਤੇ ਵਧੇਰੇ ਕਾਬੂ ਕਰਨਾ ਹਾਸਲ ਕਰਨਾ ਸ਼ੁਰੂ ਕਰ ਦਿੰਦੇ ਹਨ। ਹੱਥਾਂ ਅਤੇ ਉਂਗਲਾਂ ਵਿੱਚ ਕੋਮਲ ਮੋਟਰ ਮਾਸਪੇਸ਼ੀਆਂ ਦਾ ਵਿਕਾਸ ਕਰਨਾ ਬੱਚਿਆਂ ਦੀ ਸਵੈ-ਸੰਭਾਲ ਅਤੇ ਬਾਅਦ ਵਿੱਚ ਲਿਖਣ ਵਾਸਤੇ ਮਹੱਤਵਪੂਰਨ ਹੈ। ਤੁਹਾਡਾ ਬੱਚਾ ਖੇਡਣ ਵਾਲੀ ਮਿੱਟੀ (ਪਲੇਅ ਡੋਅ), ਰੰਗਦਾਰ ਪੈਨਸਿਲਾਂ (ਕਰੇਅਨਾਂ) ਜਾਂ ਜਾਨਵਰਾਂ ਨੂੰ ਧਾਗੇ ਨਾਲ ਪਿਰੋਣ ਦੀ ਵਰਤੋਂ ਕਰਕੇ ਆਪਣੇ ਕੋਮਲ ਮੋਟਰ ਹੁਨਰਾਂ ਨੂੰ ਵਿਕਸਤ ਕਰ ਸਕਦਾ ਹੈ। ਇੱਥੇ ਕੁਝ ਤਰੀਕੇ ਦਿੱਤੇ ਜਾ ਰਹੇ ਹਨ ਜਿੰਨ੍ਹਾਂ ਨਾਲ ਤੁਸੀਂ ਕੋਮਲ ਮੋਟਰ ਹੁਨਰਾਂ ਦਾ ਅਭਿਆਸ ਕਰ ਸਕਦੇ ਹੋ:

 • ਜਾਨਵਰ ਨੂੰ ਮੋਰੀਆਂ ਰਾਹੀਂ ਗੋਟੇ ਨਾਲ ਬੰਨ੍ਹੋ
 • ਕਿੰਡਰ ਕਿੱਟ ਨੂੰ ਖੋਲ੍ਹਣਾ ਅਤੇ ਬੰਦ ਕਰਨਾ
 • ਜ਼ਿੱਪਾਂ ਜਾਂ ਬਟਨਾਂ ਨੂੰ ਬੰਦ ਕਰਨ ਦਾ ਅਭਿਆਸ ਕਰੋ
 • ਹੱਥਾਂ ਅਤੇ ਉਂਗਲਾਂ ਨਾਲ ਖੇਡਣ ਵਾਲੀ ਮਿੱਟੀ (ਪਲੇਅ ਡੋਅ) ਨੂੰ ਵੇਲਣਾ

ਖੇਡਣ ਵਾਲੀ ਮਿੱਟੀ (ਪਲੇਅ ਡੋਅ)

ਜਦੋਂ ਤੁਹਾਡਾ ਬੱਚਾ ਸਿਰਜਣਾ ਕਰਨ ਲਈ ਖੇਡਣ ਵਾਲੀ ਮਿੱਟੀ (ਪਲੇਅ ਡੋਅ) ਦੀ ਵਰਤੋਂ ਕਰ ਰਿਹਾ ਹੁੰਦਾ ਹੈ, ਤਾਂ ਉਹ ਬਹੁਤ ਸਾਰੀਆਂ ਬਹੁਤ ਮਹੱਤਵਪੂਰਨ ਚੀਜ਼ਾਂ ਕਰ ਰਿਹਾ ਹੁੰਦਾ ਹੈ:

 • ਕੋਮਲ ਮਾਸ ਪੇਸ਼ੀਆਂ ਦੀ ਹਿੱਲਜੁਲ ਵਿੱਚ ਸੁਧਾਰ ਕਰਨਾ
 • ਪੜਚੋਲ ਕਰਨ ਲਈ ਆਪਣੀਆਂ ਸੰਵੇਦਨਾਵਾਂ ਦੀ ਵਰਤੋਂ ਕਰਨਾ
 • ਆਪਣੀ ਕਲਪਨਾ ਦੀ ਵਰਤੋਂ ਕਰਨਾ।

ਖੇਡਣ ਵਾਲੀ ਮਿੱਟੀ (ਪਲੇਅ ਡੋਅ)) ਨਾਲ ਸਿਰਜਣਾ ਕਰਨਾ ਤੁਹਾਡੇ ਬੱਚੇ ਲਈ ਸਿੱਖਣ ਦਾ ਮਹੱਤਵਪੂਰਣ ਹਿੱਸਾ ਹੈ।

 • ਗੇਂਦ ਵਾਂਗ ਬਣਾਓ, ਇਸ ਨੂੰ ਜ਼ੋਰ ਦੀ ਮਾਰੋ, ਇਸ ਨੂੰ ਗੁੰਨ੍ਹੋ, ਇਸ ਨੂੰ ਦਬਾਓ
 • ਇਸ ਬਾਰੇ ਗੱਲ ਕਰੋ।
 • ਹੋਰ ਵਸਤੂਆਂ ਸ਼ਾਮਲ ਕਰੋ ਜਿਵੇਂ ਕਿ ਡੰਡੀਆਂ ਜਾਂ ਖੰਭ ਜਾਂ ਸ਼ੈੱਲ
 • ਜੋ ਤੁਸੀਂ ਲੱਭ ਸਕਦੇ ਹੋ ਉਸ ਨਾਲ ਨਮੂਨੇ ਬਣਾਓ

ਬੱਚਿਆਂ ਦੀਆਂ ਕਿਤਾਬਾਂ

ਇਕੱਠਿਆਂ ਕਿਤਾਬਾਂ ਪੜ੍ਹਨਾ ਇੱਕ ਪਰਿਵਾਰ ਵਜੋਂ ਬੰਧਨ ਬਨਾਉਣ ਅਤੇ ਸਮਾਂ ਬਿਤਾਉਣ ਦਾ ਇੱਕ ਵਧੀਆ ਤਰੀਕਾ ਹੈ। ਇਹ ਸਾਖਰਤਾ ਦੇ ਵਿਕਾਸ ਵਿੱਚ ਸਹਿਯੋਗ ਕਰਨ ਦਾ ਸਭ ਤੋਂ ਮਹੱਤਵਪੂਰਨ ਤਰੀਕਾ ਹੈ। ਆਪਣੇ ਬੱਚੇ ਨਾਲ ਕਹਾਣੀ ਵਾਲੇ ਸਮੇਂ ਨੂੰ ਬਕਾਇਦਾ ਸਾਂਝਾ ਕਰਨਾ ਉਸ ਦੀ ਕਲਪਨਾ ਅਤੇ ਸ਼ਬਦਾਵਲੀ ਵਿੱਚ ਸੁਧਾਰ ਕਰੇਗਾ।

 • ਇਕੱਠਿਆਂ ਇਕ ਕਿਤਾਬ ਚੁਣੋ
 • ਬੈਠਣ ਅਤੇ ਪੜ੍ਹਨ ਲਈ ਕੋਈ ਆਰਾਮਦਾਇਕ ਜਗ੍ਹਾ ਲੱਭੋ
 • ਉਹਨਾਂ ਨੂੰ ਸਫ਼ੇ ਪਰਤਣ ਦਿਓ
 • ਪਾਤਰਾਂ ਲਈ ਵੱਖ-ਵੱਖ ਆਵਾਜ਼ਾਂ ਦੀ ਵਰਤੋਂ ਕਰੋ, ਤਸਵੀਰਾਂ ਬਾਰੇ ਗੱਲ ਕਰੋ

ਸੰਗੀਤ ਬਨਾਉਣਾ

ਬੱਚਿਆਂ ਦੇ ਸਿੱਖਣ ਅਤੇ ਵਿਕਾਸ ਵਾਸਤੇ ਸੰਗੀਤ ਦੇ ਬਹੁਤ ਸਾਰੇ ਲਾਭ ਹਨ। ਸੰਗੀਤ ਦੀ ਸਿਰਜਣਾ ਕਰਨਾ ਤੁਹਾਡੇ ਬੱਚੇ ਵਾਸਤੇ ਨਵੇਂ ਸ਼ਬਦ ਸਿੱਖਣ, ਪਰਿਵਾਰ ਦੇ ਨਾਲ ਇਕੱਠਿਆਂ ਗੀਤ ਗਾਉਣ ਅਤੇ ਆਪਣੇ ਆਪ ਬਾਰੇ ਵਧੀਆ ਮਹਿਸੂਸ ਕਰਨ ਦਾ ਮਜ਼ੇਦਾਰ ਤਰੀਕਾ ਹੈ। ਨੱਚਣਾ, ਗਾਉਣਾ, ਹਿੱਲਣਾ, ਉੱਛਲਣਾ ਅਤੇ ਛੈਣੇ ਵਜਾਉਣਾ ਸਾਰੇ ਹੀ ਮਜ਼ੇ ਦਾ ਹਿੱਸਾ ਹਨ।

ਆਪਣੇ ਬੱਚੇ ਨਾਲ ਸੰਗੀਤ ਦਾ ਮਜ਼ਾ ਲੈਣ ਵਾਸਤੇ ਇੱਥੇ ਕੁਝ ਫੁਰਨੇ ਦਿੱਤੇ ਜਾ ਰਹੇ ਹਨ:

 • ਆਪਣੇ ਪਸੰਦੀਦਾ ਗਾਣੇ 'ਤੇ ਨੱਚੋ ਅਤੇ ਟੱਪੋ
 • ਗਿਣਤੀ ਸਿਖਾਉਣ ਲਈ ਧੜਕਣਾਂ ਨੂੰ ਗਿਣੋ
 • ਬੱਚਿਆਂ ਵਾਲੀਆਂ ਛੋਟੀਆਂ ਕਵਿਤਾਵਾਂ ਦਾ ਅਭਿਆਸ ਕਰੋ
 • ਸ਼ਬਦਾਂ ਵਿੱਚ ਅੱਖਰਾਂ ਨੂੰ ਗਿਣਨ ਲਈ ਛੈਣਿਆਂ ਦੀ ਵਰਤੋਂ ਕਰੋ

ਕਿੱਟ ਸਰਗਰਮੀ ਵਾਲਾ ਡੱਬਾ

ਕਿੱਟ ਦੀ ਸਰਗਰਮੀ ਵਾਲਾ ਡੱਬਾ ਕਿਤਾਬਾਂ ਅਤੇ ਖਿਡੌਣਿਆਂ ਨੂੰ ਨਾਲ ਲੈ ਕੇ ਜਾਣ ਵਾਲੇ ਡੱਬੇ ਤੋਂ ਵੀ ਵਧੇਰੇ ਹੈ – ਇਸ ਨੂੰ ਕਈ ਤਰੀਕਿਆਂ ਨਾਲ ਸਿੱਖਣ ਅਤੇ ਵਿਕਾਸ ਵਿੱਚ ਸਹਾਇਤਾ ਕਰਨ ਲਈ ਵਰਤਿਆ ਜਾ ਸਕਦਾ ਹੈ। ਵਾਈਟਬੋਰਡ ਦੀਆਂ ਸਤਹਿਆਂ ਚੁੰਬਕੀ ਖੇਡ, ਪਲੇਅ ਡੋਅ ਅਤੇ ਡਰਾਇੰਗ ਲਈ ਬਹੁਤ ਵਧੀਆ ਹਨ। ਕਿੱਟ ਨੂੰ ਮੋੜ ਕੇ ਸਟੈਂਡ ਵਜੋਂ ਖੜ੍ਹਾ ਕਰੋ। ਕਿੱਟ ਨੂੰ ਚਪਟਾ ਰੱਖੋ ਤਾਂ ਜੋ ਹਰੇ ਤਲ ਨੂੰ ਕਲਪਨਾਤਮਕ ਖੇਡ ਵਾਸਤੇ ਵਰਤਿਆ ਜਾ ਸਕੇ। ਇਹ ਸਮੁੰਦਰ ਦਾ ਦ੍ਰਿਸ਼ ਜਾਂ ਸ਼ਹਿਰ ਦੀ ਗਲੀ ਹੋ ਸਕਦੀ ਹੈ। ਕਿੰਡਰ ਵੱਲ ਯਾਤਰਾ ਕਰਨ ਦੇ ਰਾਹ ਨੂੰ ਮੁੜ-ਬਣਾਓ। ਕਿੱਟ ਦੇ ਡੱਬੇ ਦੀ ਵਰਤੋਂ ਕਰਨ ਦੇ ਕੁਝ ਹੋਰ ਤਰੀਕੇ ਇੱਥੇ ਦਿੱਤੇ ਜਾ ਰਹੇ ਹਨ:

 • ਨਵੀਆਂ ਦੁਨੀਆਂ ਨੂੰ ਵਾਹੋ
 • ਖੇਡਣ ਵਾਲੀ ਮਿੱਟੀ (ਪਲੇਅ ਡੋਅ) ਪਲੇਅ-ਮੈਟ
 • ਕਿਤਾਬਾਂ ਜਾਂ ਖਿਡੌਣੇ ਪਾਉਣ ਵਾਲਾ ਝੋਲਾ
 • ਇੱਕ ਖੇਡ ਦੇ ਬਹਾਨੇ ਵਜੋਂ

ਕਿੱਟ ਸਰਗਰਮੀ ਵਾਲੇ ਡੱਬੇ ਨੂੰ ਵਾਤਾਵਰਣਕ ਤੌਰ 'ਤੇ ਦੋਸਤਾਨਾ ਉਤਪਾਦ ਬਣਨ ਲਈ ਵਿਉਂਤਿਆ ਗਿਆ ਹੈ। ਜਿੱਥੇ ਵੀ ਸੰਭਵ ਹੋਵੇ, ਇਹ ਨਵਿਆਏ ਗਏ ਪਦਾਰਥਾਂ ਤੋਂ ਬਣਿਆ ਹੁੰਦਾ ਹੈ ਅਤੇ ਇਸ ਨੂੰ ਤੁਹਾਡੇ ਬੱਚੇ ਦੇ ਕਿੰਡਰਗਾਰਟਨ ਯਾਦਗਾਰੀ ਚਿੰਨ੍ਹਾਂ ਨੂੰ ਸੰਭਾਲ ਕੇ ਰੱਖਣ ਲਈ ਪੁਨਰ-ਨਿਰਮਾਣ ਕੀਤੇ ਜਾਣ ਵਾਸਤੇ ਵਿਉਂਤਿਆ ਗਿਆ ਹੈ।

ਭਾਈਚਾਰੇ ਦਾ ਨਿਰਮਾਣ ਕਰਨਾ

ਵਿਕਟੋਰੀਆ ਇੱਕ ਵੰਨ-ਸੁਵੰਨਾ ਭਾਈਚਾਰਾ ਹੈ, ਜੋ ਬਹੁਤ ਸਾਰੇ ਸਭਿਆਚਾਰਾਂ ਅਤੇ ਵੱਖ-ਵੱਖ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦਾ ਘਰ ਹੈ। ਵੰਨ-ਸੁਵੰਨਤਾ ਇੱਕ ਵੱਡਾ ਹਿੱਸਾ ਹੈ ਜੋ ਸਾਨੂੰ ਉਹ ਬਣਾਉਂਦਾ ਹੈ ਕਿ ਅਸੀਂ ਕੌਣ ਹਾਂ। ਕਿੱਟ ਵਿਚਲੀਆਂ ਚੀਜ਼ਾਂ ਵਿਭਿੰਨ ਭਾਈਚਾਰਿਆਂ ਬਾਰੇ ਗੱਲਾਂਬਾਤਾਂ ਕਰਨ ਵਿੱਚ ਸਹਿਯੋਗ ਕਰਦੀਆਂ ਹਨ।

 • ਬੱਚਿਆਂ ਲਈ, ਖੇਡਣਾ ਅਤੇ ਸਿੱਖਣਾ ਨਾਲ-ਨਾਲ ਚੱਲਦਾ ਹੈ। ਖੇਡਣਾ ਉਹ ਚੀਜ਼ ਹੈ ਜਿਸ ਨਾਲ ਬੱਚੇ ਆਪਣੇ ਆਪ ਨੂੰ ਖੋਜਦੇ ਅਤੇ ਸਿੱਖਦੇ ਹਨ।
 • ਖੇਡਣ ਵਾਲੀ ਮਿੱਟੀ (ਪਲੇਅ ਡੋਅ) ਦੀ ਵਰਤੋਂ ਹੋਰਨਾਂ ਸਭਿਆਚਾਰਾਂ, ਜਾਂ ਆਪਣੇ ਖੁਦ ਦੇ ਭੋਜਨ ਬਨਾਉਣ ਦੀ ਖੇਡ ਖੇਡਣ ਵਾਸਤੇ ਕਰੋ
 • ਹੋਰਨਾਂ ਸਭਿਆਚਾਰਾਂ, ਜਾਂ ਤੁਹਾਡੇ ਆਪਣੇ ਖੁਦ ਦੇ ਰਵਾਇਤੀ ਸੰਗੀਤ ਨੂੰ ਸੁਣਦੇ ਸਮੇਂ ਛੈਣਿਆਂ ਨੂੰ ਵਜਾਓ
 • ਆਪਣੇ ਬੱਚੇ ਨਾਲ ਹੋਰਨਾਂ ਦੇਸ਼ਾਂ ਅਤੇ ਉਹਨਾਂ ਦੇ ਜੱਦੀ ਜਾਨਵਰਾਂ ਬਾਰੇ ਗੱਲ ਕਰੋ

ਔਸਲਾਨ ਵਿੱਚ ਕਿਤਾਬਾਂ

2023 ਦੀ ਕਿੰਡਰ ਕਿੱਟ ਵਿੱਚ ਸ਼ਾਮਲ ਸਾਰੀਆਂ ਕਿਤਾਬਾਂ ਦੇ ਔਸਲਾਨ ਵਿੱਚ ਅਨੁਵਾਦ ਉਪਲਬਧ ਹਨ। ਔਸਲਾਨ ਅਤੇ ਸਿਰਲੇਖ ਵੀ ਵੀਡੀਓ ਦੇ ਨਾਲ ਸ਼ਾਮਲ ਕੀਤੇ ਗਏ ਹਨ।

ਔਸਲਾਨ ਇੱਕ ਸੰਕੇਤਕ ਭਾਸ਼ਾ ਹੈ ਜਿਸ ਨੂੰ ਆਸਟ੍ਰੇਲੀਆ ਦੇ ਬਹੁਗਿਣਤੀ ਬੋਲ਼ੇ ਭਾਈਚਾਰੇ ਦੁਆਰਾ ਵਰਤਿਆ ਜਾਂਦਾ ਹੈ ਅਤੇ ਇਹ ਵਿਕਟੋਰੀਆ ਦੇ ਮੁੱਢਲੇ ਬਚਪਨ ਦੀਆਂ ਭਾਸ਼ਾਵਾਂ (ਅਰਲੀ ਚਾਈਲਡਹੁੱਡ ਲੈਂਗੂਏਜ਼ਜ਼) ਦੇ ਪ੍ਰੋਗਰਾਮ ਦਾ ਵੀ ਹਿੱਸਾ ਹੈ ਜੋ ਕੁਝ ਚਾਰ-ਸਾਲ-ਦੇ-ਉਮਰ ਵਾਲੀਆਂ ਕਿੰਡਰਗਾਰਟਨਾਂ ਵਿੱਚ ਉਪਲਬਧ ਹੈ।

ਸਿੱਖਿਆ ਮਾਹਰਾਂ ਨੇ ਇਹ ਲੱਭਿਆ ਹੈ ਕਿ ਛੋਟੀ ਉਮਰ ਵਿੱਚ ਹੀ ਕਿਸੇ ਹੋਰ ਭਾਸ਼ਾ ਵਿੱਚ ਸਿੱਖਣ ਵਾਲੇ ਬੱਚਿਆਂ ਵਾਸਤੇ ਬਹੁਤ ਸਾਰੇ ਲਾਭ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:

 • ਪੜ੍ਹਨ ਅਤੇ ਲਿਖਣ ਤੋਂ ਪਹਿਲਾਂ ਦੇ ਹੁਨਰਾਂ ਵਿੱਚ ਵਾਧਾ ਹੋਇਆ ਹੈ
 • ਬੌਧਿਕ ਲਚਕਤਾ
 • ਸਵੈ-ਮਾਣ ਅਤੇ ਭਲਾਈ ਨੂੰ ਹੁਲਾਰਾ ਦੇਣਾ
 • ਸਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨਾ।

ਪਛਾਣ ਦਾ ਆਦਰ ਕਰਨਾ

ਸਾਡੇ ਪਹਿਲੇ ਨਿਵਾਸੀਆਂ (ਫਸਟ ਨੇਸ਼ਨਜ਼ ਦੇ ਲੋਕਾਂ) ਦੀਆਂ ਸੰਸਕ੍ਰਿਤੀਆਂ ਆਸਟ੍ਰੇਲੀਆ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਸਾਰੇ ਬੱਚਿਆਂ ਨੂੰ ਸਾਰੇ ਸਭਿਆਚਾਰਾਂ ਬਾਰੇ ਸਿੱਖਣ, ਸਮਝ ਦਾ ਨਿਰਮਾਣ ਕਰਨ, ਮੰਨਣ ਅਤੇ ਮਾਣ ਕਰਨ ਨੂੰ ਉਤਸ਼ਾਹਤ ਕਰਨਾ। ਕਿੱਟਾਂ ਵਿੱਚ ਸਾਡੇ ਰਾਸ਼ਟਰ ਦੇ ਪਹਿਲੇ ਲੇਖਕਾਂ ਅਤੇ ਨਿਰਮਾਤਾਵਾਂ ਦਾ ਜਸ਼ਨ ਮਨਾਉਣ ਲਈ ਸਾਨੂੰ ਮਾਣ ਹੈ। ਉਦਾਹਰਣ ਲਈ, ਕਹਾਣੀ ਵਾਲੇ ਬਲਾਕ ਆਦਿਵਾਸੀ ਕਹਾਣੀ ਸੁਨਾਉਣ ਦੀ ਜੀਵੰਤ ਪਰੰਪਰਾ ਨੂੰ ਦਰਸਾਉਂਦੇ ਹਨ। ਇੱਥੇ ਕੁਝ ਕੁ ਸਰਗਰਮੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਤੁਹਾਡੇ ਬੱਚੇ ਨੂੰ ਪਹਿਲੇ ਨਿਵਾਸੀਆਂ (ਫਸਟ ਨੇਸ਼ਨਜ਼ ਦੇ ਲੋਕਾਂ) ਦੀਆਂ ਰਵਾਇਤਾਂ ਅਤੇ ਸਭਿਆਚਾਰਾਂ ਬਾਰੇ ਵਧੇਰੇ ਸਿੱਖਣ ਵਿੱਚ ਮਦਦ ਕਰਦੀਆਂ ਹਨ:

 • ਜਾਨਵਰਾਂ ਜਾਂ ਵਸਤੂਆਂ ਵਾਸਤੇ ਆਦਿਵਾਸੀ ਚਿੰਨ੍ਹਾਂ ਨੂੰ ਸਿੱਖੋ
 • ਆਦਿਵਾਸੀ ਆਗੂਆਂ ਜਾਂ ਖਿਡਾਰੀ ਨਾਇਕਾਂ ਬਾਰੇ ਗੱਲ ਕਰੋ
 • ਪਹਿਲੇ ਨਿਵਾਸੀਆਂ (ਫਸਟ ਨੇਸ਼ਨਜ਼ ਦੇ ਲੋਕਾਂ) ਦੇ ਸਭਿਆਚਾਰਾਂ ਅਤੇ ਲੋਕਾਂ ਬਾਰੇ ਹੋਰ ਜਾਣੋ

ਭਲਾਈ ਅਤੇ ਵਾਧੂ ਸਹਾਇਤਾ

ਸਾਰੇ ਬੱਚੇ ਵੱਖ-ਵੱਖ ਤਰੀਕੇ ਨਾਲ ਅਤੇ ਆਪਣੀ ਖੁਦ ਦੀ ਚਾਲ ਨਾਲ ਸਿੱਖਦੇ ਹਨ। ਕਿੰਡਰ ਕਿੱਟ ਤੁਹਾਡੇ ਬੱਚੇ ਨੂੰ ਉਹਨਾਂ ਕਿਤਾਬਾਂ ਅਤੇ ਖਿਡੌਣਿਆਂ ਦੀ ਪੇਸ਼ਕਸ਼ ਕਰਦੀ ਹੈ ਜਿਨ੍ਹਾਂ ਨੂੰ ਸਾਰੀਆਂ ਯੋਗਤਾਵਾਂ ਨੂੰ ਚੁਣੌਤੀ ਦੇਣ ਲਈ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਪਰ ਕਈ ਵਾਰੀ ਤੁਹਾਨੂੰ ਆਪਣੇ ਬੱਚੇ ਦੀ ਸਿੱਖਿਆ ਵਾਸਤੇ ਵਾਧੂ ਸਹਾਇਤਾ ਦੀ ਲੋੜ ਪੈਂਦੀ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕੁਝ ਵਾਧੂ ਸਹਾਇਤਾ ਦੀ ਲੋੜ ਪੈ ਸਕਦੀ ਹੈ, ਤਾਂ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਅਜਿਹਾ ਕਰ ਸਕਦੇ ਹੋ:

 • ਵਿਕਟੋਰੀਆ ਦੇ ਕਿੰਡਰਗਾਰਟਨ ਅਧਿਆਪਕਾਂ ਕੋਲ ਮਦਦ ਕਰਨ ਲਈ ਹੁਨਰ ਅਤੇ ਗਿਆਨ ਹੈ। ਆਪਣੇ ਸਵਾਲਾਂ ਬਾਰੇ ਆਪਣੇ ਬੱਚੇ ਦੇ ਅਧਿਆਪਕ ਨਾਲ ਗੱਲ ਕਰੋ
 • ਆਪਣੇ ਸਵਾਲਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਆਪਣੇ ਡਾਕਟਰ ਜਾਂ ਜੱਚਾ-ਬੱਚਾ ਸਿਹਤ ਨਰਸ ਨੂੰ ਮਿਲਣ ਲਈ ਮਿਲਣ ਦਾ ਸਮਾਂ ਤਹਿ ਕਰੋ
 • ਮੁਫ਼ਤ, ਗੁਪਤ ਸਲਾਹ-ਮਸ਼ਵਰੇ ਅਤੇ ਸਹਾਇਤਾ ਵਾਸਤੇ ਪੇਰੈਂਟਲਾਈਨ ਨੂੰ 13 2289 'ਤੇ ਫ਼ੋਨ ਕਰੋ

Reviewed 21 February 2023

Was this page helpful?