ਆਪਣੀ VicEmergency ਐਪ ਨੂੰ ਸੈੱਟ ਕਰਨਾ
VicEmergency ਐਪ ਤੁਹਾਨੂੰ ਸੰਕਟ ਦੀ ਘੜੀ ਬਾਰੇ ਅਸਲ-ਸਮੇਂ ਦੀ ਜਾਣਕਾਰੀ ਅਤੇ ਚੇਤਾਵਨੀਆਂ ਦਿੰਦੀ ਹੈ ਜੋ ਤੁਹਾਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਇਸ ਵਿੱਚ ਅੱਗ, ਹੜ੍ਹ, ਤੂਫ਼ਾਨ, ਭੂਚਾਲ, ਮੌਸਮ ਦੀਆਂ ਚੇਤਾਵਨੀਆਂ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਆਪਣੇ ਫ਼ੋਨ 'ਤੇ VicEmergency ਐਪ ਰੱਖਣਾ ਅਤੇ ਇਸ ਦੀ ਵਰਤੋਂ ਕਿਵੇਂ ਕਰਨੀ ਹੈ, ਇਹ ਜਾਣਨਾ ਮਹੱਤਵਪੂਰਨ ਹੈ।
VicEmergency ਐਪ ਅੰਗਰੇਜ਼ੀ ਵਿੱਚ ਹੈ।
ਜੇ ਤੁਸੀਂ ਅੰਗਰੇਜ਼ੀ ਨਹੀਂ ਪੜ੍ਹ ਸਕਦੇ ਤਾਂ ਤੁਸੀਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS) ਨੂੰ 131 450 'ਤੇ ਫ਼ੋਨ ਕਰ ਸਕਦੇ ਹੋ।
ਐਪ ਡਾਊਨਲੋਡ ਕਰੋ
ਤੁਸੀਂ ਐਪ ਨੂੰ ਆਪਣੇ ਸਮਾਰਟ ਫ਼ੋਨ 'ਤੇ ਡਾਊਨਲੋਡ ਕਰ ਸਕਦੇ ਹੋ। ਇਸ ਦਾ ਅਰਥ ਹੈ ਕਿ ਤੁਸੀਂ ਜਿੱਥੇ ਮਰਜ਼ੀ ਹੋਵੋ ਚਿਤਾਵਨੀਆਂ ਪ੍ਰਾਪਤ ਕਰ ਸਕਦੇ ਹੋ।
ਐਪ ਸਟੋਰ ਤੋਂ ਆਪਣੀਆਂ ਐਪਲ ਡਿਵਾਈਸਾਂ 'ਤੇ ਡਾਊਨਲੋਡ ਕਰੋ
ਗੂਗਲ ਪਲੇਅ ਤੋਂ ਆਪਣੀਆਂ ਐਂਡਰਾਇਡ ਡਿਵਾਈਸਾਂ 'ਤੇ ਡਾਊਨਲੋਡ ਕਰੋ
ਐਪ ਦੀ ਵਰਤੋਂ ਕਰਨਾ ਸੌਖਾ ਹੈ
ਜਦੋਂ ਤੁਸੀਂ ਐਪ ਨੂੰ ਖੋਲ੍ਹਦੇ ਹੋ ਤਾਂ ਤੁਹਾਨੂੰ ਵਿਕਟੋਰੀਆ ਦਾ ਨਕਸ਼ਾ ਦਿਖਾਈ ਦਿੰਦਾ ਹੈ।
ਨਕਸ਼ੇ 'ਤੇ ਕਾਲੇ ਅਤੇ ਚਿੱਟੇ ਆਈਕੌਨ ਦਿੱਸਦੇ ਹਨ। ਇਹ ਟ੍ਰਿਪਲ ਜ਼ੀਰੋ (000) ਨੂੰ ਕੀਤੀ ਹਰ ਫ਼ੋਨ ਕਾਲ ਨੂੰ ਦਰਸਾਉਂਦੇ ਹਨ। ਕਈ ਵਾਰ ਇੱਕ ਘਟਨਾ ਲਈ ਇੱਕ ਤੋਂ ਵੱਧ ਆਈਕੌਨ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਦੀ ਰਿਪੋਰਟ ਕਰਨ ਲਈ ਫ਼ੋਨ ਕੀਤਾ ਹੈ।
ਹਰੇਕ ਆਈਕੌਨ ਤੁਹਾਨੂੰ ਦੱਸਦਾ ਹੈ ਕਿ ਇਹ ਕਿਸ ਕਿਸਮ ਦੀ ਘਟਨਾ ਹੈ। ਇਸ ਜਾਣਕਾਰੀ ਦੀ ਵਰਤੋਂ ਇਹ ਫ਼ੈਸਲਾ ਕਰਨ ਲਈ ਕਰੋ ਕਿ ਕੀ ਇਹ ਕੋਈ ਅਜਿਹੀ ਚੀਜ਼ ਹੈ ਜਿਸ ਬਾਰੇ ਤੁਹਾਨੂੰ ਜਾਣਨ ਅਤੇ ਇਸ 'ਤੇ ਕਾਰਵਾਈ ਕਰਨ ਦੀ ਲੋੜ ਹੈ।
ਐਪ ਵਿੱਚ ਤੁਸੀਂ ਪੀਲੇ, ਸੰਤਰੀ ਜਾਂ ਲਾਲ ਆਈਕੌਨ ਅਤੇ ਹਾਈਲਾਈਟ ਕੀਤੇ ਇਲਾਕੇ ਵੀ ਵੇਖ ਸਕਦੇ ਹੋ। ਇਹ ਚੇਤਾਵਨੀਆਂ ਹਨ। ਚੇਤਾਵਨੀ ਦੇ 3 ਪੱਧਰਾਂ ਨੂੰ ਇਸ ਸਫ਼ੇ ਦੇ ਹੇਠਾਂ ਹੋਰ ਵਿਸਥਾਰ ਨਾਲ ਸਮਝਾਇਆ ਗਿਆ ਹੈ।
ਆਪਣੀ ਪ੍ਰੋਫ਼ਾਈਲ ਬਣਾਓ
ਐਪ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ, ਆਪਣੀ ਪ੍ਰੋਫ਼ਾਈਲ ਬਣਾਓ।
ਤੁਸੀਂ ਐਪ ਨੂੰ ਬਿਨਾਂ ਪ੍ਰੋਫ਼ਾਈਲ ਦੇ ਵਰਤ ਸਕਦੇ ਹੋ, ਪਰ ਇਸ ਨੂੰ ਬਨਾਉਣ ਨਾਲ ਤੁਸੀਂ ਆਪਣੇ ਵਾਚ ਜ਼ੋਨ ਚੁਣ ਕੇ ਰੱਖ ਸਕਦੇ ਹੋ ਅਤੇ ਸੂਚਨਾਵਾਂ ਪ੍ਰਾਪਤ ਕਰ ਸਕਦੇ ਹੋ।
ਆਪਣੀ ਪ੍ਰੋਫ਼ਾਈਲ ਬਣਾਉਣ ਲਈ:
- ਐਪ ਦੇ Menu (ਮੀਨੂ) ਨੂੰ ਖੋਲ੍ਹੋ ਅਤੇ Create a profile (ਪ੍ਰੋਫ਼ਾਈਲ ਬਣਾਓ) ਦੀ ਚੋਣ ਕਰੋ।
- ਆਪਣੇ ਵੇਰਵੇ ਅਤੇ ਪਾਸਵਰਡ ਦਰਜ ਕਰੋ।
ਤੁਹਾਡੀਆਂ ਸੈਟਿੰਗਾਂ ਸੁਰੱਖਿਅਤ ਕਰ ਲਈਆਂ ਜਾਣਗੀਆਂ ਅਤੇ ਜਦੋਂ ਤੁਸੀਂ ਹੋਰ ਡਿਵਾਈਸਾਂ ਤੋਂ ਵੀ VicEmergency ਐਪ ਵਿੱਚ ਲੌਗ ਇਨ ਕਰਦੇ ਹੋ ਤਾਂ ਲਾਗੂ ਕੀਤੀਆਂ ਜਾਣਗੀਆਂ।
ਆਪਣੀ ਪ੍ਰੋਫ਼ਾਈਲ ਵਿੱਚ ਵਾਚ ਜ਼ੋਨਾਂ ਨੂੰ ਸੁਰੱਖਿਅਤ ਕਰੋ
ਵਾਚ ਜ਼ੋਨ ਉਹ ਇਲਾਕੇ ਹੁੰਦੇ ਹਨ ਜੋ ਤੁਹਾਡੇ ਲਈ ਮਹੱਤਵਪੂਰਣ ਹੁੰਦੇ ਹਨ, ਜਿਵੇਂ ਕਿ ਤੁਹਾਡਾ ਘਰ, ਕੰਮ, ਬੱਚਿਆਂ ਦਾ ਸਕੂਲ ਜਾਂ ਕਿਸੇ ਅਜਿਹੀ ਜਗ੍ਹਾ ਜਿੱਥੇ ਤੁਸੀਂ ਆਉਂਦੇ-ਜਾਂਦੇ ਹੋ। ਜਦੋਂ ਤੁਹਾਡੇ ਵਾਚ ਜ਼ੋਨਾਂ ਵਿੱਚੋਂ ਕਿਸੇ ਇੱਕ ਵਿੱਚ ਕੋਈ ਗਤੀਵਿਧੀ ਹੁੰਦੀ ਹੈ ਤਾਂ ਤੁਹਾਨੂੰ ਸੂਚਨਾ ਮਿਲੇਗੀ।
ਵਾਚ ਜ਼ੋਨ ਕਿਵੇਂ ਸਥਾਪਤ ਕਰਨਾ ਹੈ:
- ਐਪ ਦੀ ਹੋਮ ਸਕ੍ਰੀਨ ਨੂੰ ਖੋਲ੍ਹੋ ਅਤੇ Create watch zone (ਵਾਚ ਜ਼ੋਨ ਸਥਾਪਤ ਕਰੋ) ਨੂੰ ਚੁਣੋ।
- ਉਸ ਨਕਸ਼ੇ 'ਤੇ ਟੈਪ ਕਰੋ ਜਿੱਥੇ ਤੁਸੀਂ ਵਾਚ ਜ਼ੋਨ ਬਨਾਉਣਾ ਚਾਹੁੰਦੇ ਹੋ, ਜਾਂ ਕਿਸੇ ਪਤੇ ਜਾਂ ਉਪਨਗਰ ਦੀ ਖੋਜ ਕਰੋ।
- ਆਪਣੇ ਵਾਚ ਜ਼ੋਨ ਨੂੰ ਕੋਈ ਨਾਮ ਦਿਓ।
- ਉਸ ਇਲਾਕੇ ਦਾ ਆਕਾਰ ਚੁਣੋ ਜਿਸ ਦੀ ਤੁਸੀਂ ਨਿਗਰਾਨੀ ਕਰਨੀ ਚਾਹੁੰਦੇ ਹੋ। ਪੇਂਡੂ ਜਾਂ ਦਿਹਾਤੀ ਇਲਾਕਿਆਂ ਵਿੱਚ ਇਸ ਨੂੰ ਘੱਟੋ-ਘੱਟ 10 ਕਿਲੋਮੀਟਰ ਵੱਡਾ ਬਣਾਓ। ਕਸਬਿਆਂ ਜਾਂ ਸ਼ਹਿਰੀ ਇਲਾਕਿਆਂ ਵਿੱਚ, 500 ਮੀਟਰ ਤੋਂ 1 ਕਿਲੋਮੀਟਰ ਦੇ ਛੋਟੇ ਇਲਾਕੇ ਵਧੀਆ ਕੰਮ ਕਰਦੇ ਹਨ।
- ਘਟਨਾਵਾਂ ਦੀਆਂ ਕਿਸਮਾਂ ਚੁਣੋ ਜਿਨ੍ਹਾਂ ਲਈ ਤੁਸੀਂ ਸੂਚਨਾਵਾਂ ਪ੍ਰਾਪਤ ਕਰਨਾ ਚਾਹੁੰਦੇ ਹੋ। ਜਦੋਂ ਤੁਹਾਡੇ ਵਾਚ ਜ਼ੋਨਾਂ ਵਿੱਚ ਸੰਕਟ ਦੀ ਘੜੀ ਵਾਲੀ ਚੇਤਾਵਨੀ ਜਾਂ ਨਿਗਰਾਨੀ ਅਤੇ ਕਾਰਵਾਈ ਕਰੋ ਵਾਲੀ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਹਮੇਸ਼ਾ ਸੂਚਿਤ ਕੀਤਾ ਜਾਵੇਗਾ।
ਜਦੋਂ ਕੋਈ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਤਾਂ ਕੀ ਕਰਨਾ ਹੈ
ਜਦੋਂ ਕੋਈ ਘਟਨਾ ਗੰਭੀਰ ਹੁੰਦੀ ਹੈ, ਤਾਂ ਚੇਤਾਵਨੀ ਜਾਰੀ ਕੀਤੀ ਜਾ ਸਕਦੀ ਹੈ। ਚੇਤਾਵਨੀ ਨੂੰ ਧਿਆਨ ਨਾਲ ਪੜ੍ਹੋ ਅਤੇ ਉਹ ਕਾਰਵਾਈ ਕਰੋ ਜਿਸ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਜੇਕਰ ਚੇਤਾਵਨੀ ਤੁਹਾਡੇ ਵਾਚ ਜ਼ੋਨ ਵਿੱਚ ਹੈ, ਤਾਂ ਤੁਹਾਨੂੰ ਆਪਣੇ ਫ਼ੋਨ ਵਿਚਲੀ ਐਪ 'ਤੇ ਸੂਚਨਾ ਮਿਲੇਗੀ।
ਚੇਤਾਵਨੀਆਂ ਦੇ 3 ਪੱਧਰ ਹਨ। ਘਟਨਾਵਾਂ ਦੇ ਜਵਾਬ ਵਿੱਚ ਚੇਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ। ਉਹ ਹਮੇਸ਼ਾ ਘੱਟੋ ਤੋਂ ਘੱਟ ਗੰਭੀਰ ਤੋਂ ਸਭ ਤੋਂ ਗੰਭੀਰ ਪੱਧਰ ਤੱਕ ਨਹੀਂ ਜਾਂਦੀਆਂ ਹਨ। ਕਈ ਵਾਰ ਤੁਹਾਨੂੰ ਮਿਲਣ ਵਾਲੀ ਪਹਿਲੀ ਚੇਤਾਵਨੀ ਸਭ ਤੋਂ ਗੰਭੀਰ ਹੁੰਦੀ ਹੈ।
ਸੰਕਟ ਦੀਆਂ ਘੜੀਆਂ ਵਿੱਚ ਵਰਤੀਆਂ ਜਾਂਦੀਆਂ ਚੇਤਾਵਨੀਆਂ
ਚੇਤਾਵਨੀਆਂ ਉਸ ਸਮੇਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਕਿਸੇ ਸੰਕਟ ਦੀ ਘੜੀ ਦਾ ਤੁਹਾਡੇ 'ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੁੰਦੀ ਹੈ।
ਉਹ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਦਿੰਦੀਆਂ ਹਨ ਅਤੇ ਤੁਹਾਨੂੰ ਦੱਸਦੀਆਂ ਹਨ ਕਿ ਸੁਰੱਖਿਅਤ ਰਹਿਣ ਲਈ ਕੀ ਕਰਨਾ ਹੈ।
ਇਹ ਚੇਤਾਵਨੀਆਂ ਅੰਗਰੇਜ਼ੀ ਵਿੱਚ ਹੋਣਗੀਆਂ, ਚੇਤਾਵਨੀ ਦੇ ਰੰਗ ਦੀ ਵਰਤੋਂ ਕਰਨਾ ਇਹ ਜਾਣਨ ਦਾ ਤੁਹਾਡਾ ਸਭ ਤੋਂ ਵਧੀਆ ਤਰੀਕਾ ਹੈ ਕਿ ਘਟਨਾ ਕਿੰਨੀ ਕੁ ਗੰਭੀਰ ਹੈ।
ਜੇ ਤੁਹਾਨੂੰ ਆਪਣੇ ਲਈ ਕਿਸੇ ਚੇਤਾਵਨੀ ਦੇ ਸੰਦੇਸ਼ ਦਾ ਅਨੁਵਾਦ ਕਰਵਾਉਣ ਦੀ ਲੋੜ ਹੈ, ਤਾਂ TIS ਨੂੰ 131 450 'ਤੇ ਫ਼ੋਨ ਕਰੋ।
ਚੇਤਾਵਨੀਆਂ ਦੇ 3 ਪੱਧਰ
ਆਸਟ੍ਰੇਲੀਆ ਦੀ ਚੇਤਾਵਨੀ ਪ੍ਰਣਾਲੀ ਵਿੱਚ ਚੇਤਾਵਨੀਆਂ ਦੇ 3 ਵੱਖ-ਵੱਖ ਪੱਧਰ ਹਨ:
ਪੀਲੀ - Advice (ਸਲਾਹ)
ਪੀਲੇ ਰੰਗ ਦੀ Advice (ਸਲਾਹ) ਵਾਲੀ ਚੇਤਾਵਨੀ ਤੁਹਾਨੂੰ ਦੱਸਦੀ ਹੈ ਕਿ ਇਲਾਕੇ ਵਿੱਚ ਕੋਈ ਘਟਨਾ ਵਾਪਰ ਰਹੀ ਹੈ। ਇਹ ਤੁਹਾਨੂੰ ਇਹ ਵੀ ਦੱਸ ਸਕਦੀ ਹੈ ਕਿ ਗੰਭੀਰ ਖ਼ਤਰਾ ਹੁਣ ਘੱਟ ਗਿਆ ਹੈ।
ਸੰਤਰੀ – Watch and Act (ਨਿਗਰਾਨੀ ਅਤੇ ਕਾਰਵਾਈ ਕਰੋ)
ਸੰਤਰੀ ਰੰਗ ਦੀ Watch and Act warning (ਨਿਗਰਾਨੀ ਅਤੇ ਕਾਰਵਾਈ ਕਰੋ) ਚੇਤਾਵਨੀ ਤੁਹਾਨੂੰ ਦੱਸਦੀ ਹੈ ਕਿ ਨੇੜੇ ਹੀ ਕੋਈ ਸੰਕਟ ਵਾਲੀ ਘੜੀ ਵਿਕਸਤ ਹੋ ਰਹੀ ਹੈ। ਤੁਹਾਨੂੰ ਆਪਣੇ ਆਪ ਨੂੰ ਅਤੇ ਦੂਜਿਆਂ ਦੀ ਸੁਰੱਖਿਆ ਕਰਨ ਲਈ ਕਾਰਵਾਈ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਲਾਲ - Emergency Warning (ਸੰਕਟ ਵਾਲੀ ਘੜੀ ਦੀ ਚੇਤਾਵਨੀ)
ਲਾਲ ਰੰਗ ਦੀ Emergency Warning (ਸੰਕਟ ਵਾਲੀ ਘੜੀ ਦੀ ਚੇਤਾਵਨੀ) ਦਾ ਮਤਲਬ ਹੈ ਕਿ ਤੁਸੀਂ ਤੁਰੰਤ ਖ਼ਤਰੇ ਵਿੱਚ ਹੋ। ਤੁਹਾਨੂੰ ਹੁਣੇ ਕਾਰਵਾਈ ਕਰਨੀ ਚਾਹੀਦੀ ਹੈ।
ਚੇਤਾਵਨੀ ਨੂੰ ਪੜ੍ਹਨਾ
ਜਦੋਂ ਤੁਸੀਂ ਐਪ ਵਿੱਚ ਸੂਚਨਾ ਨੂੰ ਖੋਲ੍ਹਦੇ ਹੋ, ਤਾਂ ਤੁਸੀਂ ਨਕਸ਼ੇ 'ਤੇ ਇੱਕ ਰੰਗ ਵਾਲਾ ਚੇਤਾਵਨੀ ਦਾ ਆਈਕੌਨ ਅਤੇ ਉਸ ਨਾਲ ਮੇਲ ਖਾਂਦਾ ਰੰਗੀਨ ਇਲਾਕਾ ਵੇਖੋਗੇ ਜੋ ਦਿਖਾਉਂਦਾ ਹੈ ਕਿ ਚੇਤਾਵਨੀ ਕਿੱਥੇ ਲਾਗੂ ਹੁੰਦੀ ਹੈ।
ਚਿਤਾਵਨੀ ਨੂੰ ਪੜ੍ਹਨ ਲਈ ਆਈਕੌਨ ਜਾਂ ਰੰਗੀਨ ਇਲਾਕੇ 'ਤੇ ਟੈਪ ਕਰੋ।
ਸੰਕਟ ਦੀ ਘੜੀ ਬਾਰੇ ਵਧੇਰੇ ਵਿਸਥਾਰ ਵਾਸਤੇ More info (ਹੋਰ ਜਾਣਕਾਰੀ) ਦੀ ਚੋਣ ਕਰੋ।
ਸੁਰੱਖਿਅਤ ਰਹਿਣ ਲਈ ਚੇਤਾਵਨੀ ਵਿੱਚ ਸ਼ਾਮਲ ਹਿਦਾਇਤਾਂ ਦੀ ਹਮੇਸ਼ਾ ਪਾਲਣਾ ਕਰੋ।
ਚੇਤਾਵਨੀਆਂ ਦੀ ਤਰਤੀਬ
ਚੇਤਾਵਨੀਆਂ ਕਿਸੇ ਵੀ ਤਰਤੀਬ ਵਿੱਚ ਆ ਸਕਦੀਆਂ ਹਨ। ਉਹ ਦਰਸਾਉਂਦੀਆਂ ਹਨ ਕਿ ਵਰਤਮਾਨ ਸਥਿਤੀ ਕੀ ਹੈ ਅਤੇ ਸੁਰੱਖਿਅਤ ਰਹਿਣ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਨੂੰ ਕੀ ਜਾਣਨ ਦੀ ਲੋੜ ਹੈ। ਹੋ ਸਕਦਾ ਹੈ ਕਿ ਤੁਹਾਨੂੰ ਪਹਿਲਾਂ ਪੀਲੀ Advice (ਸਲਾਹ) ਵਾਲੀ ਚੇਤਾਵਨੀ ਨਾ ਮਿਲੇ।
ਪਹਿਲੀ ਚੇਤਾਵਨੀ ਹੀ Emergency Warning (ਸੰਕਟ ਵਾਲੀ ਘੜੀ ਦੀ ਚੇਤਾਵਨੀ) ਹੋ ਸਕਦੀ ਹੈ।
ਹਰੇਕ ਚੇਤਾਵਨੀ ਦੇ ਆਉਣ ਤੇ ਉਸ ਨੂੰ ਪੜ੍ਹੋ ਅਤੇ ਜੇ ਉਸ ਵਿੱਚ ਤੁਹਾਨੂੰ ਦੱਸਿਆ ਗਿਆ ਹੈ ਤਾਂ ਕਾਰਵਾਈ ਕਰੋ।
ਚੇਤਾਵਨੀਆਂ ਵਿਚਲੀਆਂ ਹਿਦਾਇਤਾਂ ਨੂੰ ਸਮਝਣਾ
ਹਰ ਚੇਤਾਵਨੀ ਵਿੱਚ ਇਸ ਬਾਰੇ ਹਿਦਾਇਤਾਂ ਸ਼ਾਮਲ ਹੁੰਦੀਆਂ ਹਨ ਕਿ ਤੁਹਾਨੂੰ ਕਿਹੜੀਆਂ ਕਾਰਵਾਈਆਂ ਕਰਨ ਦੀ ਲੋੜ ਹੈ।
ਇਹ ਹਦਾਇਤਾਂ ਸੰਕਟ ਵਾਲੀ ਘੜੀ ਦੀ ਕਿਸਮ, ਹਾਲਾਤਾਂ ਅਤੇ ਭਾਈਚਾਰੇ ਲਈ ਖ਼ਤਰੇ ਦੇ ਅਧਾਰ ਤੇ ਵੱਖੋ ਵੱਖਰੀਆਂ ਹੋ ਸਕਦੀਆਂ ਹਨ।
ਤਾਜ਼ਾ ਜਾਣਕਾਰੀ ਨਾਲ ਸੂਚਿਤ ਰਹੋ
ਪੀਲੇ ਰੰਗ ਦੀ Advice (ਸਲਾਹ) ਵਾਲੀ ਚੇਤਾਵਨੀ ਦਾ ਮਤਲਬ ਹੈ ਕਿ ਕੋਈ ਘਟਨਾ ਸ਼ੁਰੂ ਹੋ ਗਈ ਹੈ ਪਰ ਤੁਰੰਤ ਕੋਈ ਖ਼ਤਰਾ ਨਹੀਂ ਹੈ। ਜੇ ਤੁਹਾਨੂੰ ਇਹ ਚੇਤਾਵਨੀ ਮਿਲਦੀ ਹੈ, ਤਾਂ ਹਾਲਾਤ ਬਦਲਣ ਦੀ ਸੂਰਤ ਵਿੱਚ ਤੁਹਾਨੂੰ ਸੂਚਿਤ ਰਹਿਣ ਦੀ ਲੋੜ ਹੈ।
ਉਦਾਹਰਨ ਲਈ, ਤੁਹਾਨੂੰ ਪੀਲੇ ਰੰਗ ਦੀ Advice (ਸਲਾਹ) ਵਾਲੀ ਚੇਤਾਵਨੀ ਮਿਲ ਸਕਦੀ ਹੈ ਜੋ ਤੁਹਾਨੂੰ Stay informed (ਸੂਚਿਤ ਰਹਿਣ) ਲਈ ਕਹਿੰਦੀ ਹੈ।
ਜੇ ਇਹ ਚੇਤਾਵਨੀ ਤੂਫ਼ਾਨ ਦੇ ਕਾਰਨ ਹੈ, ਤਾਂ ਚੇਤਾਵਨੀ ਦਾ ਪੀਲਾ ਆਈਕੌਨ ਤੂਫ਼ਾਨ ਦੇ ਬੱਦਲ ਨੂੰ ਦਿਖਾਏਗਾ।
ਸੂਚਿਤ ਰਹਿਣ ਦਾ ਮਤਲਬ ਅਜਿਹੀਆਂ ਚੀਜ਼ਾਂ ਕਰਨਾ ਹੋ ਸਕਦਾ ਹੈ:
- ਆਪਣੇ ਫ਼ੋਨ ਨੂੰ ਚਾਰਜ ਕਰਨਾ
- ਆਪਣੀ ਕਾਰ ਨੂੰ ਛੱਤ ਥੱਲੇ ਅਤੇ ਰੁੱਖਾਂ ਤੋਂ ਦੂਰ ਖੜ੍ਹੀ ਕਰਨਾ
- ਬਾਹਰ ਪਏ ਫ਼ਰਨੀਚਰ ਨੂੰ ਸੁਰੱਖਿਅਤ ਕਰਨਾ
- ਅੰਦਰ ਰਹਿਣਾ।
ਜੇ ਇਹ ਚੇਤਾਵਨੀ ਹੜ੍ਹ ਲਈ ਹੈ, ਤਾਂ ਚੇਤਾਵਨੀ ਦਾ ਪੀਲਾ ਆਈਕੌਨ ਹੜ੍ਹ ਦੇ ਪਾਣੀ ਨਾਲ ਘਿਰੇ ਘਰ ਨੂੰ ਦਿਖਾਏਗਾ। ਚੇਤਾਵਨੀ ਤੁਹਾਨੂੰ Prepare now (ਹੁਣੇ ਤਿਆਰੀ ਕਰੋ) ਕਰਨ ਲਈ ਕਹਿ ਸਕਦੀ ਹੈ।
ਤਿਆਰੀ ਕਰਨ ਵਿੱਚ ਅਜਿਹੀਆਂ ਚੀਜ਼ਾਂ ਕਰਨੀਆਂ ਸ਼ਾਮਲ ਹੋ ਸਕਦੀਆਂ ਹਨ ਜਿਵੇਂ ਕਿ:
- ਆਪਣੀ ਸਥਾਨਕ ਹੜ੍ਹ ਵਾਲੀ ਗਾਈਡ ਦੀ ਜਾਂਚ ਕਰਨਾ
- ਤੁਸੀਂ ਕੀ ਕਾਰਵਾਈ ਕਰੋਗੇ, ਇਸ ਬਾਰੇ ਆਪਣੇ ਪਰਿਵਾਰ ਅਤੇ ਗੁਆਂਢੀਆਂ ਨਾਲ ਗੱਲ ਕਰਨਾ
- ਆਪਣੀ ਕਾਰ ਨੂੰ ਲੋੜੀਂਦੀਆਂ ਜ਼ਰੂਰੀ ਚੀਜ਼ਾਂ ਨਾਲ ਭਰ ਕੇ ਰੱਖਣਾ
ਨੇੜੇ ਹੀ ਇੱਕ ਸੰਕਟ ਵਾਲੀ ਸਥਿਤੀ ਪੈਦਾ ਹੋ ਰਹੀ ਹੈ
ਸੰਤਰੀ ਰੰਗ ਦੀ Watch and Act (ਨਿਗਰਾਨੀ ਅਤੇ ਕਾਰਵਾਈ) ਕਰੋ; ਚੇਤਾਵਨੀ ਦਾ ਮਤਲਬ ਹੈ ਕਿ ਨੇੜੇ ਇੱਕ ਸੰਕਟ ਵਾਲੀ ਸਥਿਤੀ ਵਿਕਸਤ ਹੋ ਰਹੀ ਹੈ। ਜੇ ਤੁਹਾਨੂੰ ਇਹ ਚੇਤਾਵਨੀ ਮਿਲਦੀ ਹੈ, ਤਾਂ ਤੁਹਾਨੂੰ ਆਪਣੇ ਆਪ ਦੀ ਅਤੇ ਦੂਜਿਆਂ ਦੀ ਸੁਰੱਖਿਆ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰਨ ਦੀ ਲੋੜ ਹੈ।
ਉਦਾਹਰਨ ਲਈ, ਤੁਹਾਨੂੰ ਚੇਤਾਵਨੀ ਮਿਲ ਸਕਦੀ ਹੈ ਜੋ ਤੁਹਾਨੂੰ ਦੱਸਦੀ ਹੈ ਕਿ 'Monitor conditions as they are changing' (ਹਾਲਾਤਾਂ ਦੀ ਨਿਗਰਾਨੀ ਕਰੋ ਕਿਉਂਕਿ ਉਹ ਬਦਲ ਰਹੇ ਹਨ)।
ਜੇ ਇਹ ਜੰਗਲ ਦੀ ਅੱਗ ਲਈ ਹੈ, ਤਾਂ ਸੰਤਰੀ ਰੰਗ ਦੀ ਚੇਤਾਵਨੀ ਅੱਗ ਦੀ ਲਾਟ ਦਾ ਆਈਕੌਨ ਦਿਖਾਏਗੀ।
ਨਿਗਰਾਨੀ ਕਰਨ ਵਾਲੇ ਹਾਲਾਤਾਂ ਵਿੱਚ ਅਜਿਹੀਆਂ ਚੀਜ਼ਾਂ ਕਰਨੀਆਂ ਸ਼ਾਮਲ ਹੋ ਸਕਦੀਆਂ ਹਨ:
- VicEmergency ਐਪ ਦੀ ਬਾਕਾਇਦਾ ਜਾਂਚ ਕਰਨਾ
- ਆਪਣੇ ਰੇਡੀਓ ਨੂੰ ਤੁਹਾਡੀ ਸੰਕਟ ਦੀ ਘੜੀ ਬਾਰੇ ਪ੍ਰਸਾਰਣ ਕਰਨ ਵਾਲੇ ਸਟੇਸ਼ਨ 'ਤੇ ਲਗਾਉਣਾ
- ਆਪਣੇ ਗੁਆਂਢੀਆਂ ਨਾਲ ਗੱਲ ਕਰਕੇ ਪੱਕਾ ਕਰਨਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੀ ਵਾਪਰ ਰਿਹਾ ਹੈ
- ਧੂੰਏਂ, ਸੁਆਹ ਜਾਂ ਅੱਗ ਦੀਆਂ ਲਾਟਾਂ ਜਾਂ ਅੱਗ ਦੇ ਚਿੰਨ੍ਹਾਂ ਵਾਸਤੇ ਬਾਹਰ ਦੇਖਣਾ। ਜੇ ਹਾਲਾਤ ਬਦਤਰ ਹੋ ਰਹੇ ਹਨ, ਤਾਂ ਤੁਹਾਨੂੰ ਆਪਣੀ ਅੱਗ ਵਾਲੀ ਯੋਜਨਾ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਘਰ ਛੱਡ ਕੇ ਚਲੇ ਜਾਣਾ ਚਾਹੀਦਾ ਹੈ।
ਚੇਤਾਵਨੀ ਦੀਆਂ ਹਿਦਾਇਤਾਂ ਦੀ ਤੁਰੰਤ ਪਾਲਣਾ ਕਰੋ
ਲਾਲ ਰੰਗ ਦੀ Emergency Warning (ਸੰਕਟ ਦੀ ਘੜੀ ਵਾਲੀ ਚੇਤਾਵਨੀ) ਦਾ ਮਤਲਬ ਹੈ ਕਿ ਤੁਸੀਂ ਤੁਰੰਤ ਖ਼ਤਰੇ ਵਿੱਚ ਹੋ, ਅਤੇ ਸੰਕਟ ਦੀ ਘੜੀ ਤੁਹਾਨੂੰ ਪ੍ਰਭਾਵਿਤ ਕਰੇਗੀ। ਜੇ ਤੁਹਾਨੂੰ ਇਹ ਚੇਤਾਵਨੀ ਮਿਲਦੀ ਹੈ, ਤਾਂ ਹਿਦਾਇਤਾਂ ਦੀ ਤੁਰੰਤ ਪਾਲਣਾ ਕਰੋ ਕਿਉਂਕਿ ਕੋਈ ਵੀ ਦੇਰੀ ਤੁਹਾਡੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ।
ਉਦਾਹਰਨ ਲਈ, ਜੇ ਤੁਹਾਨੂੰ ਅੱਗ ਵਾਸਤੇ ਲਾਲ ਰੰਗ ਦੀ Emergency Warning (ਸੰਕਟ ਦੀ ਘੜੀ ਵਾਲੀ ਚੇਤਾਵਨੀ) ਮਿਲਦੀ ਹੈ ਜਿਸ ਵਿੱਚ Take shelter now (ਹੁਣੇ ਪਨਾਹ ਲਓ) ਦੀ ਹਦਾਇਤ ਹੈ, ਤਾਂ ਇਸ ਦਾ ਮਤਲਬ ਹੈ ਕਿ ਘਰ ਨੂੰ ਛੱਡ ਕੇ ਜਾਣਾ ਬਹੁਤ ਖ਼ਤਰਨਾਕ ਹੈ।
ਪਨਾਹ ਲੈਣ ਵਿੱਚ ਅਜਿਹੀਆਂ ਚੀਜ਼ਾਂ ਕਰਨੀਆਂ ਸ਼ਾਮਲ ਹੋ ਸਕਦੀਆਂ ਹਨ:
- ਘਰ ਦੇ ਅੰਦਰ ਜਾਣਾ ਅਤੇ ਸਾਰੇ ਦਰਵਾਜ਼ੇ, ਖਿੜਕੀਆਂ ਅਤੇ ਸੁਰਾਖਾਂ ਨੂੰ ਬੰਦ ਕਰਨਾ
- ਰੱਖਿਆਤਮਕ ਕੱਪੜੇ ਪਹਿਨਣਾ ਜਿਵੇਂ ਕਿ ਭਾਰੀ ਸੂਤੀ ਜਾਂ ਉੱਨ ਵਾਲੇ ਅਤੇ ਕੰਮ ਵਾਲੇ ਬੂਟ
- ਅਜਿਹੇ ਕਮਰੇ ਵਿੱਚ ਜਾਣਾ ਜਿਸ ਵਿੱਚੋਂ ਬਾਹਰ ਨਿਕਲਣ ਦਾ ਸਾਫ਼ ਰਸਤਾ ਹੈ ਅਤੇ ਬਾਹਰ ਦੇ ਹਾਲਾਤ ਦਿੱਸਦੇ ਹਨ।
ਇਸ ਸਥਿਤੀ ਤੋਂ ਬਚਣ ਲਈ, ਹਮੇਸ਼ਾ ਜਲਦੀ ਛੱਡ ਕੇ ਜਾਣ ਦੀ ਯੋਜਨਾ ਬਣਾਓ। ਹੋ ਸਕਦਾ ਹੈ ਅੱਗ ਬੁਝਾਊ ਕਰਮਚਾਰੀ ਹਮੇਸ਼ਾ ਤੁਹਾਡੇ ਕੋਲ ਨਾ ਪਹੁੰਚ ਸਕਣ।
CFA ਕੋਲ ਇਸ ਬਾਰੇ ਵਧੇਰੇ ਜਾਣਕਾਰੀ ਹੈ ਕਿ ਜੇ ਤੁਹਾਡੇ ਨਾਲ ਅਜਿਹਾ ਵਾਪਰਦਾ ਹੈ ਤਾਂ ਕੀ ਕਰਨਾ ਹੈ।
ਚੇਤਾਵਨੀਆਂ ਨੂੰ ਸਮਝਣਾ ਅਤੇ ਕਿਵੇਂ ਕਾਰਵਾਈ ਕਰਨੀ ਹੈ ਇਹ ਜਾਣਨਾ ਮਹੱਤਵਪੂਰਨ ਹੈ। ਲੋਕ ਖ਼ਤਰੇ ਵਿੱਚ ਪੈਂਦੇ ਹਨ ਅਤੇ ਉਹ ਮਰ ਸਕਦੇ ਹਨ, ਕਿਉਂਕਿ ਉਹ ਸਮੇਂ ਤੋਂ ਪਹਿਲਾਂ ਨਹੀਂ ਜਾਣਦੇ ਕਿ ਅੱਗੇ ਕੀ ਕਰਨਾ ਹੈ।
ਭਾਈਚਾਰਕ ਜਾਣਕਾਰੀ
ਭਾਈਚਾਰਕ ਜਾਣਕਾਰੀ ਦੇ ਸੁਨੇਹੇ ਵੀ ਚੇਤਾਵਨੀਆਂ ਵਾਲੇ ਨਕਸ਼ੇ 'ਤੇ ਦਿਖਾਈ ਦਿੰਦੇ ਹਨ। ਇਹ ਸੁਨੇਹੇ ਨੀਲੇ ਰੰਗ ਵਿੱਚ ਦਿਖਾਏ ਗਏ ਹਨ ਅਤੇ ਜਦੋਂ ਕੋਈ ਖ਼ਤਰਾ ਨਹੀਂ ਹੁੰਦਾ ਜਾਂ ਬਹੁਤ ਘੱਟ ਖ਼ਤਰਾ ਹੁੰਦਾ ਹੈ ਤਾਂ ਦਰਸਾਏ ਜਾਂਦੇ ਹਨ। ਉਹ ਘਟਨਾਵਾਂ ਬਾਰੇ ਵਿਸ਼ੇਸ਼ ਅਤੇ ਤਾਜ਼ਾ ਜਾਣਕਾਰੀ ਦਿੰਦੇ ਹਨ।
ਕੀ ਤੁਸੀਂ ਸੰਕਟ ਦੀ ਘੜੀ ਲਈ ਤਿਆਰ ਹੋ?
ਚੇਤਾਵਨੀਆਂ ਨੂੰ ਸਮਝਣਾ ਸੰਕਟ ਦੀ ਘੜੀ ਲਈ ਤਿਆਰ ਹੋਣ ਦਾ ਸਿਰਫ਼ ਇੱਕ ਹਿੱਸਾ ਹੈ।
VicEmergency ਐਪ ਅਤੇ ਵੈੱਬਸਾਈਟ ਤੁਹਾਨੂੰ ਘਟਨਾਵਾਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਮਹੱਤਵਪੂਰਣ ਜਾਣਕਾਰੀ ਦਿੰਦੀ ਹੈ।
ਸੰਕਟ ਦੀਆਂ ਘੜੀਆਂ ਵਾਸਤੇ ਤਿਆਰ ਰਹਿਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ:
- ਆਪਣੇ ਪਰਿਵਾਰ ਨਾਲ ਇੱਕ ਯੋਜਨਾ ਬਣਾਓ
- VicEmergency ਐਪ ਡਾਊਨਲੋਡ ਕਰੋ ਅਤੇ ਜਾਣੋ ਕਿ ਇਸ ਦੀ ਵਰਤੋਂ ਕਿਵੇਂ ਕਰਨੀ ਹੈ
- ਆਪਣੇ ਸਥਾਨਕ ਖ਼ਤਰਿਆਂ ਨੂੰ ਜਾਣੋ।
Updated