ਤੰਬਾਕੂ ਲਈ ਲਾਇਸੈਂਸ ਲੈਣਾ
ਵਿਕਟੋਰੀਆ ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ ਨਾਲ ਸੰਬੰਧਿਤ ਸਖ਼ਤ ਨਵੇਂ ਕੰਟਰੋਲ ਕਰਨ ਦੇ ਤਰੀਕੇ ਅਤੇ ਜੁਰਮਾਨੇ ਹੁਣ ਲਾਗੂ ਹੋ ਚੁੱਕੇ ਹਨ।
ਜੇਕਰ ਤੁਸੀਂ ਵਿਕਟੋਰੀਆ ਵਿੱਚ ਤੰਬਾਕੂ ਵੇਚਦੇ ਹੋ — ਚਾਹੇ ਜਨਤਾ ਨੂੰ ਜਾਂ ਹੋਰ ਕਾਰੋਬਾਰਾਂ ਨੂੰ — ਤਾਂ ਤੁਹਾਡੇ ਕੋਲ ਤੰਬਾਕੂ ਵੇਚਣ ਦਾ ਲਾਇਸੈਂਸ ਹੋਣਾ ਲਾਜ਼ਮੀ ਹੈ।
ਇਹ ਪ੍ਰਚੂਨ ਅਤੇ ਥੋਕ ਵਿਕਰੀ ਦੋਵਾਂ 'ਤੇ ਲਾਗੂ ਹੁੰਦਾ ਹੈ ਅਤੇ ਇਸ ਵਿੱਚ ਉਹ ਕਾਰੋਬਾਰ ਸ਼ਾਮਲ ਹਨ ਜੋ ਔਨਲਾਈਨ ਤਰੀਕੇ ਨਾਲ ਤੰਬਾਕੂ ਵੇਚਦੇ ਹਨ।
ਤੰਬਾਕੂ ਦਾ ਲਾਇਸੈਂਸ ਲੈਣ ਲਈ ਅਰਜ਼ੀ ਦਿਓ
ਤੁਸੀਂ ਆਪਣਾ ਲਾਇਸੈਂਸ ਲੈਣ ਲਈ Tobacco Licensing Victoria (ਤੰਬਾਕੂ ਲਾਇਸੈਂਸਿੰਗ ਵਿਕਟੋਰੀਆ, TLV) ਰਾਹੀਂ Service Victoria ਦੀ ਵੈੱਬਸਾਈਟ ਤੋਂ ਔਨਲਾਈਨ ਅਰਜ਼ੀ ਦੇ ਸਕਦੇ ਹੋ।
ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡੇ ਦੁਆਰਾ ਜਮ੍ਹਾਂ ਕੀਤੀ ਗਈ ਅਰਜ਼ੀ ਦੀ ਕਿਸਮ ਤੁਹਾਡੇ ਕਾਰੋਬਾਰੀ ਢਾਂਚੇ ਨਾਲ ਮੇਲ ਖਾਂਦੀ ਹੈ। ਸੋਲ ਟ੍ਰੇਡਰਾਂ ਨੂੰ ਇੱਕ ਕੁਦਰਤੀ ਵਿਅਕਤੀ ਵਜੋਂ ਅਰਜ਼ੀ ਦੇਣੀ ਚਾਹੀਦੀ ਹੈ, ਬਿਜ਼ਨਸ ਪਾਰਟਨਰਸ਼ਿਪ ਵਾਲਿਆਂ ਨੂੰ ਪਾਰਟਨਰਸ਼ਿਪ ਵਜੋਂ ਅਰਜ਼ੀ ਦੇਣੀ ਚਾਹੀਦੀ ਹੈ, ਅਤੇ ਪਬਲਿਕ ਜਾਂ ਪ੍ਰਾਈਵੇਟ ਕੰਪਨੀ ਅਤੇ ਇੰਕੌਰਪੋਰੇਟਡ ਐਸੋਸੀਏਸ਼ਨ ਨੂੰ ਬਾਡੀ ਕਾਰਪੋਰੇਟ ਵਜੋਂ ਅਰਜ਼ੀ ਦੇਣੀ ਚਾਹੀਦੀ ਹੈ। ਜੇਕਰ ਤੁਸੀਂ ਯਕੀਨੀ ਨਹੀਂ ਹੋ ਕਿ ਤੁਹਾਨੂੰ ਕਿਸ ਕਿਸਮ ਦੀ ਅਰਜ਼ੀ ਜਮ੍ਹਾਂ ਦੇਣੀ ਚਾਹੀਦੀ ਹੈ, ਤਾਂ ਤੁਹਾਨੂੰ ਨਿਰਪੱਖ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ।
ਅਰਜ਼ੀ ਕੌਣ ਦੇ ਸਕਦਾ ਹੈ?
ਤੁਸੀਂ ਤੰਬਾਕੂ ਦੇ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹੋ ਜੇਕਰ ਤੁਸੀਂ:
- 18 ਸਾਲ ਜਾਂ ਵੱਧ ਉਮਰ ਦੇ ਨਿੱਜੀ ਸੋਲ ਟਰੇਡਰ ਹੋ
- ਪਾਰਟਨਰਸ਼ਿਪ ਹੋ
- ਕੰਪਨੀ ਹੋ
- ਇੰਕੌਰਪੋਰੇਟਿਡ ਐਸੋਸੀਏਸ਼ਨ ਹੋ।
ਤੁਸੀਂ ਅਰਜ਼ੀ ਨਹੀਂ ਦੇ ਸਕਦੇ ਹੋ, ਜੇਕਰ ਤੁਸੀਂ ਜਾਂ ਤੁਹਾਡੀ ਕੰਪਨੀ ਦੇ ਕੋਈ ਡਾਇਰੈਕਟਰ, ਕਾਰਜਕਾਰੀ ਕਮੇਟੀ ਦੇ ਮੈਂਬਰ ਜਾਂ ਭਾਈਵਾਲ Tobacco Act 1987 ਦੇ ਅਧੀਨ ਅਯੋਗ (disqualified) ਕਰਾਰ ਦਿੱਤੇ ਗਏ ਹਨ।
ਲਾਇਸੈਂਸ ਦੀਆਂ ਕਿਸਮਾਂ
ਤੰਬਾਕੂ ਲਈ ਲਾਇਸੈਂਸ 2 ਕਿਸਮਾਂ ਦੇ ਹੁੰਦੇ ਹਨ: ਪ੍ਰਚੂਨ ਵਿਕਰੀ ਅਤੇ ਥੋਕ ਵਿਕਰੀ।
ਜੇਕਰ ਤੁਸੀਂ ਪ੍ਰਚੂਨ ਅਤੇ ਥੋਕ ਦੋਹਾਂ ਤਰੀਕਿਆਂ ਨਾਲ ਤੰਬਾਕੂ ਵੇਚਦੇ ਹੋ, ਤਾਂ ਤੁਹਾਨੂੰ ਦੋਵਾਂ ਕਿਸਮਾਂ ਦੇ ਲਾਇਸੈਂਸ ਦੀ ਲੋੜ ਹੋਵੇਗੀ।
ਤੁਹਾਨੂੰ ਹਰ ਉਸ ਸਥਾਨ ਲਈ ਇੱਕ ਵੱਖਰੇ ਲਾਇਸੈਂਸ ਦੀ ਲੋੜ ਹੋਵੇਗੀ, ਤੁਸੀਂ ਜਿੱਥੇ ਵੀ ਤੰਬਾਕੂ ਵੇਚਦੇ ਹੋ। ਤੁਸੀਂ 1 (ਇੱਕੋ) ਔਨਲਾਈਨ ਅਰਜ਼ੀ ਵਿੱਚ ਕਈ ਥਾਵਾਂ ਨੂੰ ਸ਼ਾਮਲ ਕਰ ਸਕਦੇ ਹੋ।
ਪ੍ਰਚੂਨ ਲਾਇਸੈਂਸ
ਪ੍ਰਚੂਨ ਲਾਇਸੈਂਸ ਉਹਨਾਂ ਕਾਰੋਬਾਰਾਂ ਲਈ ਹੁੰਦੇ ਹਨ ਜੋ ਜਨਤਾ ਨੂੰ ਤੰਬਾਕੂ ਵੇਚਦੇ ਹਨ, ਜਿਸ ਵਿੱਚ ਵੈਂਡਿੰਗ ਮਸ਼ੀਨਾਂ ਰਾਹੀਂ ਵਿਕਰੀ ਕਰਨਾ ਵੀ ਸ਼ਾਮਲ ਹੈ। ਇਸ ਵਿੱਚ ਸ਼ਾਮਲ ਹਨ:
- ਸੁਪਰਮਾਰਕੀਟਾਂ
- ਕਰਿਆਨੇ ਦੀਆਂ ਦੁਕਾਨਾਂ
- ਕਨਵੀਨੀਐਂਸ ਸਟੋਰ
- ਸ਼ਰਾਬ ਵੇਚਣ ਵਾਲੀਆਂ ਲਾਇਸੈਂਸਸ਼ੁਦਾ ਥਾਵਾਂ
- ਪੈਟਰੋਲ ਸਟੇਸ਼ਨ
- ਤੰਬਾਕੂ ਵੇਚਣ ਵਾਲੇ
- ਔਨਲਾਈਨ ਪ੍ਰਚੂਨ ਵਿਕਰੇਤਾ।
ਥੋਕ ਲਾਇਸੈਂਸ
ਥੋਕ ਲਾਇਸੈਂਸ ਉਹਨਾਂ ਕਾਰੋਬਾਰਾਂ ਲਈ ਹੁੰਦੇ ਹਨ ਜੋ ਤੰਬਾਕੂ ਨੂੰ ਹੋਰ ਪ੍ਰਚੂਨ ਜਾਂ ਥੋਕ ਕਾਰੋਬਾਰਾਂ ਨੂੰ ਵੇਚਦੇ ਹਨ।
ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ ਕੀ ਚਾਹੀਦਾ ਹੈ?
ਆਪਣੀ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਆਪਣੇ ਕਾਰੋਬਾਰੀ ਢਾਂਚੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ (ਉਦਾਹਰਨ ਵਜੋਂ, ਕੀ ਤੁਸੀਂ ਲਾਇਸੈਂਸ ਲਈ ਸੋਲ ਟਰੇਡਰ, ਪਾਰਟਨਰਸ਼ਿਪ, ਕੰਪਨੀ ਜਾਂ ਇੰਕੌਰਪੋਰੇਟਿਡ ਐਸੋਸੀਏਸ਼ਨ ਵਜੋਂ ਅਰਜ਼ੀ ਦੇ ਰਹੇ ਹੋ)।
ਸਾਰੇ ਬਿਨੈਕਾਰਾਂ ਨੂੰ ਹੇਠਾਂ ਦਿੱਤੀ ਕਾਰੋਬਾਰੀ ਅਤੇ ਨਿੱਜੀ ਜਾਣਕਾਰੀ ਦੇਣੀ ਲਾਜ਼ਮੀ ਹੈ:
- ਕਾਰੋਬਾਰ ਦਾ ਸਥਾਨ
- ਕਾਰੋਬਾਰ ਦੀ ਕਿਸਮ
- ਉਹ ਉਤਪਾਦ ਜੋ ਉਹ ਵੇਚਦੇ ਹਨ
- ਕੋਈ ਵੀ ਵੈੱਬਸਾਈਟ ਜਾਂ ਸੋਸ਼ਲ ਮੀਡੀਆ ਖਾਤੇ, ਜੋ ਕਾਰੋਬਾਰ ਨਾਲ ਸੰਬੰਧਿਤ ਹਨ।
ਨਿੱਜੀ ਸੋਲ ਟਰੇਡਰ, ਭਾਈਵਾਲ, ਡਾਇਰੈਕਟਰ ਅਤੇ ਕਾਰਜਕਾਰੀ ਕਮੇਟੀ ਮੈਂਬਰ ਲਾਜ਼ਮੀ ਤੌਰ 'ਤੇ:
- ਆਪਣੀ ਪਛਾਣ ਦੀ ਪੁਸ਼ਟੀ ਕਰਵਾਉਣ
- ਹਾਲੀਆ ਨੈਸ਼ਨਲ ਪੁਲਿਸ ਚੈੱਕ ਜਮ੍ਹਾਂ ਕਰਵਾਉਣ
- ਆਪਣੀ ਡਾਇਰੈਕਟਰ ID ਪ੍ਰਦਾਨ ਕਰਨ (ਜੇ ਲਾਗੂ ਹੋਵੇ)
- ਆਪਣੇ ਨਿੱਜੀ, ਵਿੱਤੀ ਅਤੇ ਅਪਰਾਧਿਕ ਅਤੇ ਦੀਵਾਲੀਆ ਹੋਣ ਦੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।
ਕੰਪਨੀਆਂ ਨੂੰ ਆਸਟ੍ਰੇਲੀਅਨ ਸਿਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ (ASIC) ਵੱਲੋਂ ਜਾਰੀ ਕੀਤਾ ਇਤਿਹਾਸਕ ਅਤੇ ਮੌਜੂਦਾ ਐਬਸਟਰੈਕਟ ਦੇਣਾ ਲਾਜ਼ਮੀ ਹੈ।
ਹੋਰ ਇੰਕੌਰਪੋਰੇਟਿਡ ਬਾਡੀਜ਼, ਜਿਵੇਂ ਕਿ ਇੰਕੌਰਪੋਰੇਟਿਡ ਐਸੋਸੀਏਸ਼ਨ, ਉਨ੍ਹਾਂ ਨੂੰ ਇੰਕੌਰਪੋਰੇਸ਼ਨ ਦਾ ਸਬੂਤ ਦੇਣਾ ਲਾਜ਼ਮੀ ਹੈ।
ਉਹ ਕਾਰੋਬਾਰ ਜੋ ਟਰੱਸਟ ਵਜੋਂ ਕੰਮ ਕਰਦੇ ਹਨ, ਉਨ੍ਹਾਂ ਵੱਲੋਂ ਟਰੱਸਟ ਡੀਡ ਦਿੱਤਾ ਜਾਣਾ ਲਾਜ਼ਮੀ ਹੈ।
ਲਾਇਸੈਂਸ ਅਰਜ਼ੀ ਫ਼ੀਸ
ਲਾਇਸੈਂਸ ਲਈ ਅਰਜ਼ੀ ਦਿੰਦੇ ਸਮੇਂ ਤੁਹਾਨੂੰ ਫ਼ੀਸ ਭਰਨੀ ਪਵੇਗੀ। ਤੁਸੀਂ ਫ਼ੀਸ ਨੂੰ Visa, Mastercard ਜਾਂ BPay ਰਾਹੀਂ ਭਰ ਸਕਦੇ ਹੋ। ਫ਼ੀਸ ਵਾਪਸੀਯੋਗ ਨਹੀਂ ਹੈ, ਭਾਵੇਂ ਤੁਹਾਡੀ ਅਰਜ਼ੀ ਰੱਦ ਕਰ ਦਿੱਤੀ ਜਾਵੇ।
ਅਰਜ਼ੀ ਦੀ ਕਿਸਮ | ਫ਼ੀਸ |
ਲਾਇਸੈਂਸ ਦੀ ਅਰਜ਼ੀ, ਜੋ 30 ਜੂਨ 2026 ਤੋਂ ਪਹਿਲਾਂ ਮੰਨਜ਼ੂਰ ਹੋਣਗੇ ਅਤੇ 30 ਜੂਨ 2027 ਤੱਕ ਵੈਧ ਹੋਣਗੇ | $1,175.20 |
ਸਾਲਾਨਾ ਲਾਇਸੈਂਸ ਦੀ ਅਰਜ਼ੀ ਜੋ 30 ਜੂਨ 2026 ਤੋਂ ਬਾਅਦ ਮੰਨਜ਼ੂਰ ਹੋਣਗੇ | $829.60 ਤੋਂ ਸ਼ੁਰੂ |
ਤੁਹਾਡੇ ਅਰਜ਼ੀ ਦੇਣ ਤੋਂ ਬਾਅਦ
ਜਦੋਂ ਅਸੀਂ ਤੁਹਾਡੀ ਅਰਜ਼ੀ ਅਤੇ ਫ਼ੀਸ ਪ੍ਰਾਪਤ ਕਰ ਲੈਂਦੇ ਹਾਂ, ਤਾਂ ਅਸੀਂ ਇਹ ਫ਼ੈਸਲਾ ਕਰਨ ਲਈ ਇਸਦੀ ਸਮੀਖਿਆ ਕਰਾਂਗੇ ਕਿ ਕੀ ਤੁਸੀਂ ਤੰਬਾਕੂ ਲਾਇਸੈਂਸ ਰੱਖਣ ਲਈ ਯੋਗ ਹੋ ਜਾਂ ਨਹੀਂ।
ਹਰ ਅਰਜ਼ੀ ਲਈ ਕਾਰਵਾਈ ਦਾ ਸਮਾਂ ਵੱਖ-ਵੱਖ ਹੋ ਸਕਦਾ ਹੈ। ਲਾਇਸੈਂਸ ਲਈ ਅਰਜ਼ੀ ਜਮ੍ਹਾਂ ਕਰਵਾਉਣਾ ਇਸ ਗੱਲ ਦੀ ਗਰੰਟੀ ਨਹੀਂ ਹੁੰਦਾ ਕਿ ਤੁਹਾਨੂੰ ਲਾਇਸੈਂਸ ਦਿੱਤਾ ਹੀ ਜਾਵੇਗਾ।
ਅਸੀਂ ਤੁਹਾਨੂੰ ਤੁਹਾਡੀ ਅਰਜ਼ੀ ਦੇ ਨਤੀਜੇ ਦੀ ਜਾਣਕਾਰੀ ਈਮੇਲ ਰਾਹੀਂ ਦੇਵਾਂਗੇ।
ਜੇਕਰ ਤੁਹਾਡੀ ਅਰਜ਼ੀ ਮੰਨਜ਼ੂਰ ਹੋ ਜਾਂਦੀ ਹੈ
ਜੇਕਰ ਤੁਹਾਡੀ ਅਰਜ਼ੀ ਮੰਨਜ਼ੂਰ ਹੋ ਜਾਂਦੀ ਹੈ, ਤਾਂ ਤੁਹਾਡੇ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਸਮਝਣਾ ਅਤੇ ਆਪਣੇ ਤੰਬਾਕੂ ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
ਜੇਕਰ ਤੁਹਾਡੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ
ਜੇਕਰ ਤੁਸੀਂ ਸਾਡੇ ਫ਼ੈਸਲੇ ਨਾਲ ਅਸਹਿਮਤ ਹੋ, ਤਾਂ ਤੁਸੀਂ ਅੰਦਰੂਨੀ ਸਮੀਖਿਆ ਫਾਰਮ ਲਈ ਅਰਜ਼ੀ ਜਮ੍ਹਾਂ ਕਰਵਾ ਕੇ ਅੰਦਰੂਨੀ ਸਮੀਖਿਆ ਦੀ ਮੰਗ ਕਰ ਸਕਦੇ ਹੋ, ਜੋ ਕਿ TLV ਵੈੱਬਸਾਈਟ 'ਤੇ ਉਪਲਬਧ ਹੈ।
ਅਸੀਂ 28 ਦਿਨਾਂ ਦੇ ਅੰਦਰ-ਅੰਦਰ ਫ਼ੈਸਲੇ ਦੀ ਸਮੀਖਿਆ ਕਰਾਂਗੇ ਅਤੇ ਤੁਹਾਨੂੰ ਨਤੀਜੇ ਬਾਰੇ ਸੂਚਿਤ ਕਰਾਂਗੇ।
ਜੇਕਰ ਤੁਸੀਂ ਅੰਦਰੂਨੀ ਸਮੀਖਿਆ ਦੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਵਿਕਟੋਰੀਅਨ ਸਿਵਲ ਅਤੇ ਪ੍ਰਸ਼ਾਸਕੀ ਟ੍ਰਿਬਿਊਨਲ (VCAT) ਨੂੰ ਅਪੀਲ ਲਈ ਅਰਜ਼ੀ ਦੇ ਸਕਦੇ ਹੋ।
ਤੁਹਾਨੂੰ ਅੰਦਰੂਨੀ ਸਮੀਖਿਆ ਦਾ ਫ਼ੈਸਲਾ ਮਿਲਣ ਤੋਂ 28 ਦਿਨਾਂ ਦੇ ਅੰਦਰ-ਅੰਦਰ VCAT ਵਿੱਚ ਅਰਜ਼ੀ ਦੇਣੀ ਹੋਵੇਗੀ।
ਆਪਣਾ ਤੰਬਾਕੂ ਲਾਇਸੈਂਸ ਰੀਨਿਊ ਕਰਵਾਓ
ਤੰਬਾਕੂ ਲਾਇਸੈਂਸ ਇੱਕ ਵਿੱਤੀ ਸਾਲ ਲਈ ਵੈਧ ਹੁੰਦੇ ਹਨ। ਹਰ ਸਾਲ 30 ਜੂਨ ਨੂੰ ਲਾਇਸੈਂਸ ਦੀ ਮਿਆਦ ਖ਼ਤਮ ਹੋ ਜਾਂਦੀ ਹੈ।
ਤੁਹਾਨੂੰ ਹਰ ਸਾਲ 30 ਜੂਨ ਤੱਕ ਆਪਣੇ ਲਾਇਸੈਂਸ ਨੂੰ ਰੀਨਿਊ ਕਰਵਾਉਣ ਲਈ ਅਰਜ਼ੀ ਦੇਣੀ ਲਾਜ਼ਮੀ ਹੋਵੇਗੀ।
ਜੇਕਰ ਅਸੀਂ ਤੁਹਾਡੇ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ, ਤੁਹਾਡੀ ਲਾਇਸੈਂਸ ਰੀਨਿਊ ਕਰਵਾਉਣ ਦੀ ਅਰਜ਼ੀ ਬਾਰੇ ਕੋਈ ਫ਼ੈਸਲਾ ਨਹੀਂ ਲੈਂਦੇ, ਤਾਂ ਤੁਹਾਡਾ ਲਾਇਸੈਂਸ ਫ਼ੈਸਲਾ ਆਉਣ ਤੱਕ ਵੈਧ ਰਹੇਗਾ।
ਤੁਹਾਨੂੰ TLV ਤੋਂ ਮੰਨਜ਼ੂਰੀ ਲੈਣੀ ਪਵੇਗੀ, ਜੇਕਰ ਤੁਸੀਂ:
- ਆਪਣੇ ਲਾਇਸੈਂਸ ਦੀਆਂ ਸ਼ਰਤਾਂ ਬਦਲਣੀਆਂ ਚਾਹੁੰਦੇ ਹੋ
- ਲਾਇਸੈਂਸ ਨੂੰ ਕਿਸੇ ਹੋਰ (ਉਦਾਹਰਨ ਵਜੋਂ ਨਵੇਂ ਮਾਲਕ) ਨੂੰ ਟ੍ਰਾਂਸਫਰ ਕਰਨਾ ਚਾਹੁੰਦੇ ਹੋ
- ਲਾਇਸੈਂਸ ਨੂੰ ਨਵੇਂ ਸਥਾਨ 'ਤੇ ਤਬਦੀਲ ਕਰਨਾ ਚਾਹੁੰਦੇ ਹੋ (ਜਿਵੇਂ ਕਿ ਕਾਰੋਬਾਰੀ ਸਥਾਨ ਬਦਲੋ)
- ਲਾਇਸੈਂਸ ਨੂੰ ਰੱਦ ਜਾਂ ਮੁਅੱਤਲ ਕਰਵਾਉਣਾ ਚਾਹੁੰਦੇ ਹੋ।
ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਤਬਦੀਲੀ ਕਰਨ ਦੀ ਲੋੜ ਹੈ, ਤਾਂ ਤੁਹਾਨੂੰ TLV ਵੈੱਬਸਾਈਟ 'ਤੇ ਢੁੱਕਵੇਂ ਫਾਰਮ ਦੀ ਵਰਤੋਂ ਕਰਕੇ ਅਰਜ਼ੀ ਦੇਣੀ ਅਤੇ ਫ਼ੀਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ।
2025-26 ਵਿੱਤੀ ਸਾਲ ਦੌਰਾਨ ਜਾਰੀ ਕੀਤੇ ਗਏ ਲਾਇਸੈਂਸ 30 ਜੂਨ 2027 ਤੱਕ ਵੈਧ ਹੋਣਗੇ।
ਆਪਣੇ ਤੰਬਾਕੂ ਦੇ ਲਾਇਸੈਂਸ ਦੇ ਨਿਯਮਾਂ ਦੀ ਪਾਲਣਾ ਕਰੋ
ਤੁਸੀਂ ਆਪਣੇ ਲਾਇਸੈਂਸ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਸ਼ਰਤਾਂ ਬਾਰੇ ਜਾਣੂ ਹੋਣਾ ਲਾਜ਼ਮੀ ਹੈ।
ਆਪਣਾ ਲਾਇਸੈਂਸ ਇਸ ਤਰ੍ਹਾਂ ਵਿਖਣਯੋਗ ਥਾਂ 'ਤੇ ਲਗਾਓ ਤਾਂ ਜੋ ਜਦੋਂ ਤੁਹਾਡਾ ਕਾਰੋਬਾਰ ਖੁੱਲ੍ਹਾ ਹੋਵੇ, ਤਾਂ ਗਾਹਕ ਇਸਨੂੰ ਅਸਾਨੀ ਨਾਲ ਪੜ੍ਹ ਸਕਣ।
ਤੁਹਾਨੂੰ ਆਪਣੇ ਲਾਇਸੈਂਸ 'ਤੇ ਲਾਗੂ ਕੀਤੀਆਂ ਹਰੇਕ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ।
ਸਾਰੇ ਲਾਇਸੈਂਸਾਂ 'ਤੇ ਮਿਆਰੀ ਸ਼ਰਤਾਂ ਲਾਗੂ ਹੁੰਦੀਆਂ ਹਨ। ਸਾਰੇ ਲਾਇਸੈਂਸਾਂ 'ਤੇ ਲਾਗੂ ਮਿਆਰੀ ਸ਼ਰਤਾਂ, Tobacco Regulations 2017 ਵਿੱਚ ਨਿਰਧਾਰਤ ਕੀਤੀਆਂ ਗਈਆਂ ਹਨ। ਇਹ ਹਨ:
- ਲਾਇਸੈਂਸਧਾਰੀ ਵਿਅਕਤੀਆਂ ਨੂੰ ਕੇਵਲ ਦੂਜੇ ਲਾਇਸੈਂਸ ਰੱਖਣ ਵਾਲੇ ਕਾਰੋਬਾਰਾਂ ਤੋਂ ਹੀ ਤੰਬਾਕੂ ਦੀ ਖ਼ਰੀਦ ਅਤੇ ਵਿਕਰੀ ਕਰਨੀ ਚਾਹੀਦੀ ਹੈ (ਜੇਕਰ ਇਹ ਵਿਕਰੀ ਆਸਟ੍ਰੇਲੀਆ ਵਿੱਚ ਹੋ ਰਹੀ ਹੋਵੇ)।
- ਲਾਇਸੈਂਸਧਾਰਕਾਂ ਨੂੰ ਤੰਬਾਕੂ ਦੀ ਖ਼ਰੀਦਦਾਰੀ ਦਾ ਰਿਕਾਰਡ ਰੱਖਣਾ ਚਾਹੀਦਾ ਹੈ (ਆਸਟ੍ਰੇਲੀਆ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ) ਅਤੇ ਬੇਨਤੀ ਕਰਨ 'ਤੇ ਇਸਨੂੰ TLV ਨੂੰ ਪ੍ਰਦਾਨ ਕਰਨਾ ਚਾਹੀਦਾ ਹੈ।
- ਲਾਇਸੈਂਸਧਾਰਕਾਂ ਨੂੰ ਹਰੇਕ ਸਥਾਨ 'ਤੇ ਤੰਬਾਕੂ ਦੀ ਵਿਕਰੀ ਦਾ ਡੇਟਾ ਇਕੱਠਾ ਕਰਨਾ ਚਾਹੀਦਾ ਹੈ ਅਤੇ ਇਸਦੀ ਸਾਲਾਨਾ ਰਿਪੋਰਟ TLV ਨੂੰ ਕਰਨੀ ਚਾਹੀਦੀ ਹੈ।
- 1 ਜਨਵਰੀ 2027 ਤੋਂ, ਪ੍ਰਚੂਨ ਲਾਇਸੈਂਸਧਾਰਕਾਂ ਆਪਣੇ ਕਾਰੋਬਾਰ 'ਚ 18 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਤੰਬਾਕੂ ਉਤਪਾਦ ਵੇਚਣ ਦੀ ਇਜਾਜ਼ਤ ਨਹੀਂ ਦੇ ਸਕਣਗੇ।
ਖ਼ਾਸ ਸ਼ਰਤਾਂ
ਕਈ ਵਾਰ ਲਾਇਸੈਂਸ 'ਤੇ ਖ਼ਾਸ ਸ਼ਰਤਾਂ ਲਾਈਆਂ ਜਾ ਸਕਦੀਆਂ ਹਨ, ਤਾਂ ਕਿ ਖ਼ਤਰੇ ਘਟਾਏ ਜਾ ਸਕਣ। ਇਹ ਕਾਰੋਬਾਰ ਦੇ ਘੰਟਿਆਂ ਨੂੰ ਘਟਾਉਣਾ ਜਾਂ ਕੁੱਝ ਉਤਪਾਦਾਂ ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣਾ ਸ਼ਾਮਲ ਹੋ ਸਕਦਾ ਹੈ।
ਇਹ ਨਵੇਂ ਲਾਇਸੈਂਸ ਨੂੰ ਜਾਰੀ ਕਰਨ ਵੇਲੇ ਜਾਂ ਟ੍ਰਾਂਸਫਰ, ਸਥਾਨ ਬਦਲਣ ਜਾਂ ਸ਼ਰਤਾਂ 'ਚ ਤਬਦੀਲੀ ਦੀ ਅਰਜ਼ੀ ਦੌਰਾਨ ਲਾਗੂ ਕੀਤੀਆਂ ਜਾ ਸਕਦੀਆਂ ਹਨ।
ਆਪਣੀ ਜਾਣਕਾਰੀ ਨੂੰ ਅੱਪ ਟੂ ਡੇਟ ਰੱਖੋ
ਜੇਕਰ ਤੁਸੀਂ ਆਪਣੀ ਅਰਜ਼ੀ ਵਿੱਚ ਦਿੱਤੀ ਗਈ ਜਾਣਕਾਰੀ 'ਚ ਹੇਠ ਲਿਖੀਆਂ ਕੋਈ ਵੀ ਤਬਦੀਲੀਆਂ ਕਰਦੇ ਹੋ, ਤਾਂ ਤੁਹਾਨੂੰ ਤਬਦੀਲੀ ਹੋਣ ਤੋਂ 14 ਦਿਨਾਂ ਦੇ ਅੰਦਰ-ਅੰਦਰ TLV ਨੂੰ ਸੂਚਨਾ ਦੇਣੀ ਲਾਜ਼ਮੀ ਹੈ:
- ਲਾਇਸੈਂਸਧਾਰੀ ਦੇ ਵੇਰਵੇ ਜਿਵੇਂ ਕਿ ਨਵੀਂ ਸੰਪਰਕ ਜਾਣਕਾਰੀ
- ਤੁਹਾਡੇ ਕਾਰੋਬਾਰ ਦੇ ਪ੍ਰਬੰਧਨ ਵਿੱਚ ਸ਼ਾਮਿਲ ਵਿਅਕਤੀਆਂ ਵਿੱਚ ਤਬਦੀਲੀ ਜਿਵੇਂ ਕਿ ਡਾਇਰੈਕਟਰ, ਕਾਰਜਕਾਰੀ ਕਮੇਟੀ ਮੈਂਬਰ ਜਾਂ ਭਾਈਵਾਲ
- ਜਾਇਦਾਦ ਦੇ ਵੇਰਵੇ ਜਿਵੇਂ ਨਵਾਂ ਮਾਲਕ ਜਾਂ ਰੀਅਲ ਅਸਟੇਟ ਏਜੰਟ
- ਉਨ੍ਹਾਂ ਲੋਕਾਂ ਵਿੱਚ ਬਦਲਾਅ ਜੋ ਤੁਹਾਡੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਾਂ ਇਸ ਵਿੱਚ ਵਿੱਤੀ ਦਿਲਚਸਪੀ ਰੱਖ ਸਕਦੇ ਹਨ, ਜਿਵੇਂ ਕਿ ਕਾਰੋਬਾਰ ਲਈ ਕੰਮ ਕਰਨ ਵਾਲੇ ਪਰਿਵਾਰਕ ਮੈਂਬਰ ਜਾਂ ਪੈਸੇ ਉਧਾਰ ਦੇਣ ਵਾਲੇ ਲੋਕ
- ਦਸਤਾਵੇਜ਼ਾਂ ਵਿੱਚ ਹੋਇਆ ਕੋਈ ਵੀ ਅਪਡੇਟ।
ਤੰਬਾਕੂ ਦੇ ਲਾਇਸੈਂਸ ਦੀ ਪਾਲਣਾ ਅਤੇ ਲਾਗੂਕਰਨ
1 ਫਰਵਰੀ 2026 ਤੋਂ TLV ਇਸ ਲਾਇਸੈਂਸਿੰਗ ਸਕੀਮ ਨੂੰ ਲਾਗੂ ਕਰਨਾ ਸ਼ੁਰੂ ਕਰ ਦੇਵੇਗਾ। ਇਸ ਮਿਤੀ ਤੱਕ, ਤੰਬਾਕੂ ਵੇਚਣ ਵਾਲੇ ਸਾਰੇ ਕਾਰੋਬਾਰਾਂ ਕੋਲ ਲਾਇਸੈਂਸ ਹੋਣਾ ਲਾਜ਼ਮੀ ਹੈ।
ਅਸੀਂ ਜਾਂਚ ਕਰਾਂਗੇ ਕਿ ਤੰਬਾਕੂ ਵੇਚਣ ਵਾਲੇ ਕਾਰੋਬਾਰਾਂ ਕੋਲ ਲਾਇਸੈਂਸ ਹੈ ਜਾਂ ਨਹੀਂ, ਅਤੇ ਉਹ ਆਪਣੇ ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ।
ਜੇਕਰ ਤੁਸੀਂ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਲਾਇਸੈਂਸ ਨੂੰ ਬਦਲ ਸਕਦੇ ਹਾਂ, ਮੁਅੱਤਲ ਕਰ ਸਕਦੇ ਹਾਂ ਜਾਂ ਰੱਦ ਕਰ ਸਕਦੇ ਹਾਂ।
ਜੇਕਰ ਸਾਨੂੰ ਸ਼ੱਕ ਹੈ ਕਿ ਤੁਸੀਂ ਗ਼ੈਰ-ਕਾਨੂੰਨੀ ਤੰਬਾਕੂ ਰੱਖ ਰਹੇ ਹੋ ਜਾਂ ਵੇਚ ਰਹੇ ਹੋ, ਤਾਂ ਅਸੀਂ ਤੁਹਾਡਾ ਲਾਇਸੈਂਸ ਤੁਰੰਤ 90 ਦਿਨਾਂ ਤੱਕ ਮੁਅੱਤਲ ਕਰ ਸਕਦੇ ਹਾਂ।
ਅਸੀਂ ਕਿਸੇ ਵੀ ਸਮੇਂ ਲਾਇਸੈਂਸ ਦੀ ਸਮੀਖਿਆ ਕਰ ਸਕਦੇ ਹਾਂ।
Penalties
ਉਲੰਘਣਾ | ਇਕੱਲੇ ਲੋਕਾਂ ਲਈ ਜੁਰਮਾਨੇ | ਕਾਰੋਬਾਰ ਜਾਂ ਇੰਕੌਰਪੋਰੇਟਿਡ ਸੰਸਥਾ ਲਈ ਜੁਰਮਾਨਾ |
ਤੰਬਾਕੂ ਸਪਲਾਈ ਕਾਰੋਬਾਰ ਵੱਲੋਂ ਗ਼ੈਰ-ਕਾਨੂੰਨੀ ਤੰਬਾਕੂ ਰੱਖਣਾ | ਵੱਧ ਤੋਂ ਵੱਧ $170,948.40 ਜਾਂ 5 ਸਾਲ ਤੱਕ ਦੀ ਜੇਲ੍ਹ। | ਵੱਧ ਤੋਂ ਵੱਧ $854,742 |
ਗ਼ੈਰ-ਕਾਨੂੰਨੀ ਤੰਬਾਕੂ ਵੇਚਣਾ | ਵੱਧ ਤੋਂ ਵੱਧ $366,318 ਜਾਂ 15 ਸਾਲ ਤੱਕ ਦੀ ਜੇਲ੍ਹ | ਵੱਧ ਤੋਂ ਵੱਧ $1.8 ਮਿਲੀਅਨ |
ਬਿਨਾਂ ਲਾਇਸੈਂਸ ਤੰਬਾਕੂ ਵੇਚਣਾ | ਵੱਧ ਤੋਂ ਵੱਧ $170,948.40 ਜਾਂ 5 ਸਾਲ ਤੱਕ ਦੀ ਜੇਲ੍ਹ | $854,742 |
ਲਾਇਸੈਂਸ ਦੀਆਂ ਸ਼ਰਤਾਂ ਜਾਂ ਜ਼ਿੰਮੇਵਾਰੀਆਂ ਦੀ ਉਲੰਘਣਾ | ਵੱਧ ਤੋਂ ਵੱਧ $12,210.60 | $61,053 |
ਝੂਠੀ ਜਾਂ ਗੁੰਮਰਾਹਕੁੰਨ ਜਾਣਕਾਰੀ ਪ੍ਰਦਾਨ ਕਰਨਾ | ਵੱਧ ਤੋਂ ਵੱਧ $12,210.60 | $61,053 |
ਲਾਇਸੈਂਸ ਦੀ ਕਾਪੀ ਵਿਖਣਯੋਗ ਥਾਂ 'ਤੇ ਨਾ ਲਗਾਉਣਾ | ਵੱਧ ਤੋਂ ਵੱਧ $1,017.55 | $5,087.75 |
ਤੰਬਾਕੂ ਲਾਇਸੈਂਸਿੰਗ ਵਿਕਟੋਰੀਆ ਬਾਰੇ
ਤੰਬਾਕੂ ਲਾਇਸੈਂਸਿੰਗ ਵਿਕਟੋਰੀਆ (TLV), ਵਿਕਟੋਰੀਆ ਵਿੱਚ ਤੰਬਾਕੂ ਉਤਪਾਦਾਂ ਦੀ ਕਾਨੂੰਨੀ ਸਪਲਾਈ ਨੂੰ ਨਿਯੰਤਰਤ ਕਰਦਾ ਹੈ।
ਇਹ Department of Justice and Community Safety ਦਾ ਹਿੱਸਾ ਹੈ ਅਤੇ ਇਹ ਹੇਠਾਂ ਦਿੱਤੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ:
- ਤੰਬਾਕੂ ਉਤਪਾਦ ਸਪਲਾਈ ਕਰਨ ਵਾਲੇ ਕਾਰੋਬਾਰਾਂ ਨੂੰ ਲਾਇਸੈਂਸ ਜਾਰੀ ਕਰਨਾ
- ਲਾਇਸੈਂਸਿੰਗ ਸਕੀਮ ਦੀ ਜਾਂਚ ਅਤੇ ਲਾਗੂ ਕਰਨਾ।
ਇਹ ਲਾਇਸੈਂਸਿੰਗ ਸਕੀਮ ਮਨੁੱਖੀ ਖ਼ਪਤ ਲਈ ਤਿਆਰ ਕੀਤੇ ਗਏ ਸਿਗਰਟਾਂ, ਸਿਗਾਰਾਂ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਨੂੰ ਨਿਯੰਤ੍ਰਿਤ ਕਰਦੀ ਹੈ।
ਈ-ਸਿਗਰਟਾਂ ਅਤੇ ਵੈਪ ਉਤਪਾਦ ਇਸ ਸਕੀਮ ਦੇ ਅਧੀਨ ਨਹੀਂ ਆਉਂਦੇ ਹਨ। ਇਨ੍ਹਾਂ ਉਤਪਾਦਾਂ ਨੂੰ ਕੌਮਨਵੈਲਥ ਸਰਕਾਰ ਵੱਲੋਂ ਨਿਯੰਤਰਿਤ ਕੀਤਾ ਜਾਂਦਾ ਹੈ।
TLV ਨਾਲ ਸੰਪਰਕ ਕਰੋ
- ਈ-ਮੇਲ: contacttobacco@justice.vic.gov.au
- ਫ਼ੋਨ: 1300 194 739
Updated