ਇਕੱਠੇ ਮਿਲਕੇ, ਅਸੀਂ ਸੁਰੱਖਿਅਤ ਸਕੂਲ ਬਣਾਉਂਦੇ ਹਾਂ, ਜਿੱਥੇ ਹਰ ਕੋਈ ਅਪਣਾਪਨ ਮਹਿਸੂਸ ਕਰਦਾ ਹੈ, ਸਿੱਖਦਾ ਹੈ ਅਤੇ ਤਰੱਕੀ ਕਰਦਾ ਹੈ।
ਜਦੋਂ ਸਕੂਲ, ਪਰਿਵਾਰ ਅਤੇ ਵਿਦਿਆਰਥੀ ਇਕੱਠੇ ਮਿਲਕੇ ਕੰਮ ਕਰਦੇ ਹਨ, ਤਾਂ ਅਸੀਂ ਸਭ ਤੋਂ ਵਧੀਆ ਨਤੀਜੇ ਹਾਸਲ ਕਰਦੇ ਹਾਂ। ਇਹ ਸਾਂਝੇ ਸਬੰਧ ਸਕੂਲਾਂ ਦੇ ਅਜਿਹੇ ਮਾਹੌਲ ਬਣਾਉਣ ਲਈ ਜ਼ਰੂਰੀ ਹਨ ਜੋ ਸਾਰੇ ਵਿਦਿਆਰਥੀਆਂ ਨੂੰ ਅਪਣਾਪਨ ਮਹਿਸੂਸ ਕਰਨ, ਸਿੱਖਣ ਅਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਇੱਕ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਵਜੋਂ, ਤੁਸੀਂ ਆਪਣੇ ਬੱਚੇ ਨੂੰ ਸਾਂਝੇ ਵਿਵਹਾਰ ਦੀਆਂ ਉਮੀਦਾਂ ਨੂੰ ਸਮਝਣ ਅਤੇ ਪੂਰਾ ਕਰਨ ਵਿੱਚ ਮੱਦਦ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋ।
ਵਿਦਿਆਰਥੀ ਉਮੀਦ ਕੀਤੇ ਵਿਵਹਾਰ ਨੂੰ ਕਿਵੇਂ ਦਿਖਾਉਂਦੇ ਹਨ?
ਸਕੂਲ ਵਿੱਚ, ਸਾਰੇ ਵਿਦਿਆਰਥੀਆਂ ਤੋਂ ਸਤਿਕਾਰਯੋਗ, ਸੁਰੱਖਿਅਤ ਅਤੇ ਸਰਗਰਮ ਰਹਿਣ ਵਾਲੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਇਹ ਵਿਵਹਾਰ ਸਕੂਲਾਂ ਨੂੰ ਇੱਕ ਅਜਿਹੀ ਜਗ੍ਹਾ ਬਣਾਉਣ ਵਿੱਚ ਮੱਦਦ ਕਰਦੇ ਹਨ, ਜਿੱਥੇ ਹਰ ਕੋਈ ਸਫ਼ਲ ਹੋ ਸਕਦਾ ਹੈ।
ਵਿਦਿਆਰਥੀ ਸਤਿਕਾਰਯੋਗ, ਸੁਰੱਖਿਅਤ ਅਤੇ ਸਰਗਰਮ ਰਹਿ ਕੇ ਇਨ੍ਹਾਂ ਵਿਵਹਾਰਕ ਉਮੀਦਾਂ ਨੂੰ ਪੂਰਾ ਕਰਦੇ ਹਨ।
ਸਤਿਕਾਰਯੋਗ
- ਸਟਾਫ਼ ਦੇ ਨਿਰਦੇਸ਼ਾਂ ਅਤੇ ਸਕੂਲੀ ਨਿਯਮਾਂ ਦੀ ਪਾਲਣਾ ਕਰਨਾ।
- ਸਕੂਲ ਦੀ ਸੰਪਤੀ ਅਤੇ ਦੂਜਿਆਂ ਦੇ ਸਮਾਨ ਦੀ ਦੇਖਭਾਲ ਕਰਨਾ।
- ਸਤਿਕਾਰਯੋਗ ਭਾਸ਼ਾ ਦੀ ਵਰਤੋਂ ਕਰਨਾ।
ਸੁਰੱਖਿਅਤ
- ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਨੁਕਸਾਨ ਤੋਂ ਸੁਰੱਖਿਅਤ ਰੱਖਣਾ।
- ਜੇਕਰ ਉਹਨਾਂ ਨਾਲ ਜਾਂ ਕਿਸੇ ਹੋਰ ਨਾਲ ਕਿਸੇ ਵੱਲੋਂ ਗ਼ਲਤ ਵਿਵਹਾਰ ਕੀਤਾ ਜਾ ਰਿਹਾ ਹੈ ਤਾਂ ਕਿਸੇ ਵੱਡੇ ਵਿਅਕਤੀ ਨੂੰ ਦੱਸਣਾ ਜਾਂ ਮੱਦਦ ਲੈਣਾ।
- ਸਕੂਲ ਵਿੱਚ ਸਿਰਫ਼ ਸੁਰੱਖਿਅਤ ਅਤੇ ਜ਼ਰੂਰੀ ਚੀਜ਼ਾਂ ਹੀ ਲਿਆਉਣਾ।
ਸਰਗਰਮ
- ਹਰ ਰੋਜ਼ ਸਕੂਲ ਜਾਣਾ, ਸਮੇਂ ਸਿਰ ਪਹੁੰਚਣਾ, ਅਤੇ ਸਿੱਖਣ ਲਈ ਤਿਆਰ ਰਹਿਣਾ।
- ਗਤੀਵਿਧੀਆਂ ਵਿੱਚ ਹਿੱਸਾ ਲੈਣਾ, ਆਪਣੀ ਪੂਰੀ ਕੋਸ਼ਿਸ਼ ਕਰਨਾ ਅਤੇ ਲੋੜ ਪੈਣ 'ਤੇ ਮੱਦਦ ਮੰਗਣਾ।
- ਸਕੂਲ ਦੀਆਂ ਨੀਤੀਆਂ ਨੂੰ ਜਾਣਨਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ, ਜਿਸ ਵਿੱਚ ਮੋਬਾਈਲ ਫ਼ੋਨ ਨੀਤੀ ਵੀ ਸ਼ਾਮਲ ਹੈ।
ਮਾਪੇ ਅਤੇ ਦੇਖਭਾਲ ਕਰਨ ਵਾਲੇ ਕਿਵੇਂ ਮੱਦਦ ਕਰ ਸਕਦੇ ਹਨ?
ਚੰਗੇ ਵਿਵਹਾਰ ਦੀ ਮਿਸਾਲ ਪੇਸ਼ ਕਰਕੇ ਅਤੇ ਚੰਗੇ ਵਿਵਹਾਰ ਨੂੰ ਉਤਸ਼ਾਹਿਤ ਕਰਕੇ, ਤੁਸੀਂ ਆਪਣੇ ਬੱਚੇ ਨੂੰ ਸਕੂਲ ਵਿੱਚ ਸਫ਼ਲ ਹੋਣ ਲਈ ਲੋੜੀਂਦੇ ਹੁਨਰ ਅਤੇ ਆਦਤਾਂ ਬਣਾਉਣ ਵਿੱਚ ਮੱਦਦ ਕਰਦੇ ਹੋ। ਜਦੋਂ ਪਰਿਵਾਰ ਅਤੇ ਸਕੂਲ ਇਕੱਠੇ ਮਿਲ ਕੇ ਕੰਮ ਕਰਦੇ ਹਨ, ਤਾਂ ਵਿਦਿਆਰਥੀ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਆਪਣੇ ਬੱਚੇ ਦੇ ਵਿਵਹਾਰ ਨੂੰ ਇਸ ਤਰ੍ਹਾਂ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ:
ਸਤਿਕਾਰਯੋਗ
- ਸਕੂਲ ਦੇ ਨਿਯਮਾਂ ਨੂੰ ਜਾਣ ਕੇ ਅਤੇ ਉਨ੍ਹਾਂ ਦੀ ਘਰ ਵਿੱਚ ਵੀ ਪਾਲਣਾ ਕਰਕੇ।
- ਸਕੂਲ ਦੇ ਸਟਾਫ਼, ਪਰਿਵਾਰਾਂ ਅਤੇ ਹੋਰ ਲੋਕਾਂ ਨਾਲ ਗੱਲ ਕਰਦੇ ਹੋਏ, ਚਾਹੇ ਵਿਅਕਤੀਗਤ ਤੌਰ 'ਤੇ ਜਾਂ ਔਨਲਾਈਨ ਤਰੀਕੇ ਨਾਲ, ਸਤਿਕਾਰਯੋਗ ਵਿਵਹਾਰ ਦੀ ਮਿਸਾਲ ਪੇਸ਼ ਕਰਕੇ।
- ਚਿੰਤਾਵਾਂ ਨੂੰ ਜਲਦੀ ਉਠਾਉਣ ਅਤੇ ਹੱਲ ਕਰਨ ਲਈ ਸਕੂਲ ਦੀਆਂ ਪ੍ਰਕਿਰਿਆਵਾਂ ਦੀ ਵਰਤੋਂ ਕਰਕੇ।
ਸੁਰੱਖਿਅਤ
- ਜੇਕਰ ਤੁਹਾਡੇ ਬੱਚੇ ਨੂੰ ਸਕੂਲ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਤਾਂ ਸਮੱਸਿਆ ਨੂੰ ਸਮਝਣ ਅਤੇ ਹੱਲ ਕਰਨ ਲਈ ਸਟਾਫ਼ ਨਾਲ ਮਿਲ ਕੇ ਕੰਮ ਕਰਕੇ।
- ਇਹ ਯਕੀਨੀ ਬਣਾਕੇ ਕਿ ਤੁਹਾਡਾ ਬੱਚਾ ਜਾਣਦਾ ਹੋਵੇ ਕਿ ਸਕੂਲ ਵਿੱਚ ਕਿਸੇ ਵਿਸ਼ਵਾਸਯੋਗ ਵੱਡੇ ਵਿਅਕਤੀ ਤੋਂ ਮੱਦਦ ਮੰਗਣਾ ਠੀਕ ਹੈ।
- ਇਹ ਯਕੀਨੀ ਬਣਾ ਕੇ ਕਿ ਤੁਹਾਡਾ ਬੱਚਾ ਔਨਲਾਈਨ ਸੁਰੱਖਿਅਤ ਰਹੇ, ਆਪਣੇ ਬੱਚੇ ਨਾਲ ਗੱਲ ਕਰਕੇ ਅਤੇ ਚਿੰਤਾਵਾਂ ਦਾ ਜਲਦੀ ਹੱਲ ਕਰਕੇ।
ਸਰਗਰਮ
- ਆਪਣੇ ਬੱਚੇ ਨੂੰ ਹਰ ਰੋਜ਼ ਸਕੂਲ ਜਾਣ ਵਿੱਚ ਮੱਦਦ ਕਰਕੇ - ਹਰ ਦਿਨ ਮਾਇਨੇ ਰੱਖਦਾ ਹੈ।
- ਆਪਣੇ ਬੱਚੇ ਦੀ ਸਿੱਖਿਆ ਅਤੇ ਭਲਾਈ ਦਾ ਸਮਰਥਨ ਕਰਨ ਲਈ ਸਕੂਲ ਸਟਾਫ਼ ਨਾਲ ਗੱਲਬਾਤ ਕਰਨਾ ਅਤੇ ਮਿਲ ਕੇ ਕੰਮ ਕਰਕੇ।
- ਆਪਣੇ ਬੱਚੇ ਨਾਲ ਉਨ੍ਹਾਂ ਦੇ ਦਿਨ ਅਤੇ ਉਹ ਕਿਵੇਂ ਮਹਿਸੂਸ ਕਰ ਰਹੇ ਹਨ ਬਾਰੇ ਗੱਲ ਕਰਕੇ, ਅਤੇ ਉਨ੍ਹਾਂ ਦੇ ਯਤਨਾਂ ਅਤੇ ਤਰੱਕੀ ਨੂੰ ਨੋਟਿਸ ਕਰਕੇ ਉਨ੍ਹਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਕੇ।
ਅਸੀਂ ਜਾਣਦੇ ਹਾਂ ਕਿ ਕੁੱਝ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਸਕੂਲਹਾਜ਼ਰੀ ਜਾਂ ਸਕੂਲ ਜਾਣ ਤੋਂ ਇਨਕਾਰ ਕਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇੱਥੇ ਕੁੱਝ ਸਰੋਤ ਹਨ ਜੋ ਮਦਦਗਾਰ ਹੋ ਸਕਦੇ ਹਨ:
ਵਿਵਹਾਰ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਕੂਲ ਵਿਦਿਆਰਥੀਆਂ ਦੀ ਕਿਵੇਂ ਸਹਾਇਤਾ ਕਰਦੇ ਹਨ?
ਚੰਗਾ ਵਿਵਹਾਰ ਸਿਖਾ ਕੇ ਅਤੇ ਉਸਦੀ ਹੌਸਲਾ-ਅਫ਼ਜ਼ਾਈ ਕਰਕੇ, ਸਕੂਲ ਸਿੱਖਣ ਅਤੇ ਭਲਾਈ ‘ਤੇ ਧਿਆਨ ਕੇਂਦ੍ਰਿਤ ਕਰਨ ਵਾਲਾ ਇੱਕ ਸਕਾਰਾਤਮਕ, ਸੁਰੱਖਿਅਤ ਅਤੇ ਨਿਰਪੱਖ ਸਿੱਖਣ ਵਾਲਾ ਮਾਹੌਲ ਯਕੀਨੀ ਬਣਾਉਂਦੇ ਹਨ।
ਸਕੂਲ ਪਰਿਵਾਰਾਂ ਅਤੇ ਵਿਦਿਆਰਥੀਆਂ ਦਾ ਸਤਿਕਾਰਯੋਗ, ਸੁਰੱਖਿਅਤ ਅਤੇ ਸਰਗਰਮ ਰਹਿ ਕੇ ਸਮਰਥਨ ਕਰਦੇ ਹਨ।
ਸਤਿਕਾਰਯੋਗ
- ਵਿਦਿਆਰਥੀਆਂ ਨੂੰ ਸਕੂਲ ਦੇ ਨਿਯਮ ਅਤੇ ਚੰਗੇ ਵਿਵਹਾਰ ਦੀਆਂ ਉਮੀਦਾਂ ਸਿਖਾ ਕੇ ਅਤੇ ਦਿਖਾ ਕੇ।
- ਉਮੀਦ ਕੀਤੇ ਸਤਿਕਾਰਯੋਗ ਵਿਵਹਾਰ ਨੂੰ ਸਪੱਸ਼ਟ ਤੌਰ 'ਤੇ ਸਿਖਾ ਕੇ, ਉਸਦੀ ਮਿਸਾਲ ਪੇਸ਼ ਕਰਕੇ ਅਤੇ ਪ੍ਰਸ਼ੰਸਾ ਕਰਕੇ।
- ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨਾਲ ਸਹਿਯੋਗੀ ਅਤੇ ਸਕਾਰਾਤਮਕ ਤਰੀਕੇ ਨਾਲ ਜੁੜ ਕੇ।
ਸੁਰੱਖਿਅਤ
- ਧੱਕੇਸ਼ਾਹੀ ਨੂੰ ਰੋਕਣ ਅਤੇ ਜਵਾਬ ਦੇਣ ਲਈ, ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਸਪੱਸ਼ਟ ਨੀਤੀਆਂ ਅਤੇ ਪ੍ਰਕਿਰਿਆਵਾਂ ਬਣਾਕੇ।
- ਵਿਦਿਆਰਥੀਆਂ ਨੂੰ ਪਹਿਲਾਂ ਤੋਂ ਹੀ ਸਰਗਰਮੀ ਨਾਲ ਵਾਧੂ ਸਹਾਇਤਾ ਪ੍ਰਦਾਨ ਕਰਕੇ, ਅਤੇ ਉਹਨਾਂ ਨੂੰ ਆਪਣੀ ਗੱਲ ਕਹਿਣ ਅਤੇ ਮੱਦਦ ਮੰਗਣ ਲਈ ਪ੍ਰੇਰਿਤ ਕਰਕੇ।
- ਸਰੀਰਕ, ਸਮਾਜਿਕ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸਕੂਲੀ ਮਾਹੌਲ ਨੂੰ ਬਣਾਈ ਰੱਖਣ ਲਈ ਸਮੱਸਿਆਵਾਂ ਦੀ ਸਰਗਰਮੀ ਨਾਲ ਪਹਿਲਾਂ ਹੀ ਪਛਾਣ ਕਰਕੇ ਅਤੇ ਉਨ੍ਹਾਂ ਨੂੰ ਹੱਲ ਕਰਕੇ।
ਸਰਗਰਮ
- ਸਾਰੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਸਬੂਤ-ਅਧਾਰਿਤ ਅਤੇ ਸ਼ਮੂਲੀਅਤ ਵਾਲੀ ਸਿੱਖਿਆ ਪ੍ਰਦਾਨ ਕਰਕੇ।
- ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿੱਖਣ ਅਤੇ ਸਕੂਲੀ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲਿਆਂ ਵਿੱਚ ਆਪਣੀ ਰਾਏ ਦੇਣ ਦਾ ਅਧਿਕਾਰ ਦੇ ਕੇ।
- ਮਜ਼ਬੂਤ ਅਤੇ ਭਰੋਸੇਯੋਗ ਸੰਬੰਧ ਬਣਾਕੇ, ਤਾਂ ਜੋ ਹਰ ਵਿਦਿਆਰਥੀ ਆਪਣੇ ਆਪ ਨੂੰ ਦੇਖਿਆ ਗਿਆ, ਸੁਣਿਆ ਗਿਆ ਅਤੇ ਕਦਰ ਕੀਤਾ ਗਿਆ ਮਹਿਸੂਸ ਕਰੇ।
ਸਿੱਖਿਆ ਵਿਭਾਗ ਸਕੂਲਾਂ ਨੂੰ ਵਿਦਿਆਰਥੀਆਂ ਵਿੱਚ ਚੰਗੇ ਵਿਵਹਾਰ ਵਿਕਸਿਤ ਕਰਨ ਅਤੇ ਸਕੂਲਾਂ, ਵਿਦਿਆਰਥੀਆਂ ਅਤੇ ਪਰਿਵਾਰਾਂ ਦਰਮਿਆਨ ਚੰਗੇ ਸੰਬੰਧ ਮਜ਼ਬੂਤ ਕਰਨ ਲਈ ਸਰੋਤ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।
ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਮੱਦਦ ਲੈਣ ਲਈ ਕਿੱਥੇ ਜਾ ਸਕਦੇ ਹਨ?
ਜੇਕਰ ਤੁਹਾਨੂੰ ਆਪਣੇ ਬੱਚੇ ਦੀ ਭਲਾਈ, ਵਿਵਹਾਰ ਜਾਂ ਸੁਰੱਖਿਆ ਬਾਰੇ ਚਿੰਤਤ ਹੋ, ਤਾਂ ਤੁਸੀਂ ਇਹ ਕਰ ਸਕਦੇ ਹੋ:
- ਪਹਿਲੇ ਕਦਮ ਵਜੋਂ ਆਪਣੇ ਬੱਚੇ ਦੇ ਅਧਿਆਪਕ ਜਾਂ ਨਿਰਧਾਰਤ ਸੰਪਰਕ ਵਿਅਕਤੀ ਨਾਲ ਗੱਲ ਕਰੋ, ਅਤੇ ਚਿੰਤਾਵਾਂ ਦੱਸਣ ਲਈ ਸਕੂਲ ਦੀ ਪ੍ਰਕਿਰਿਆ ਦੀ ਪਾਲਣਾ ਕਰੋ।
- ਸਕੂਲ ਤੋਂ ਸਹਾਇਤਾ ਜਾਂ ਰੈਫ਼ਰਲ ਦੇਣ ਲਈ ਪੁੱਛੋ — ਉਹ ਤੁਹਾਨੂੰ ਭਲਾਈ ਸਟਾਫ਼ ਜਾਂ ਮਾਹਰ ਸੇਵਾਵਾਂ ਨਾਲ ਜੋੜ ਸਕਦੇ ਹਨ।
- ਜੇਕਰ ਤੁਹਾਨੂੰ ਹੋਰ ਸਹਾਇਤਾ ਦੀ ਲੋੜ ਹੈ ਤਾਂ ਸਿੱਖਿਆ ਵਿਭਾਗ ਦੇ ਖੇਤਰੀ ਦਫ਼ਤਰ ਨਾਲ ਸੰਪਰਕ ਕਰੋ।
ਹੇਠਾਂ ਦਿੱਤੇ ਸਰੋਤ ਵੀ ਉਪਲਬਧ ਹਨ:
- ਰੇਜ਼ਿੰਗ ਚਿਲਡਰਨ ਨੈੱਟਵਰਕ (Raising Children Network) - ਸਕੂਲੀ ਉਮਰ ਦੇ, ਕਿਸ਼ੋਰ ਬਣਨ ਵਾਲੇ ਅਤੇ ਕਿਸ਼ੋਰਾਂ ਦੇ ਮਾਪਿਆਂ ਲਈ ਸਲਾਹ ਪ੍ਰਦਾਨ ਕਰਦਾ ਹੈ।
- ਈ-ਸੇਫਟੀ ਕਮਿਸ਼ਨਰ (eSafety Commissioner) - ਬੱਚਿਆਂ ਨੂੰ ਔਨਲਾਈਨ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਨ ਲਈ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਸਲਾਹ ਪ੍ਰਦਾਨ ਕਰਦਾ ਹੈ।
- ਰਿਪੋਰਟ ਰੇਸਿਜ਼ਮ (Report Racism) ਹੌਟਲਾਈਨ – ਸਕੂਲਾਂ ਵਿੱਚ ਨਸਲਵਾਦ ਜਾਂ ਧਾਰਮਿਕ ਭੇਦਭਾਵ ਦੀ ਸ਼ਿਕਾਇਤ ਕਿਵੇਂ ਕਰਨੀ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰੋ।
- ਬੁਲੀ ਸਟੌਪਰਸ (Bully Stoppers) - ਧੱਕੇਸ਼ਾਹੀ ਬਾਰੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਸਲਾਹ ਪ੍ਰਦਾਨ ਕਰਦੀ ਹੈ।
Updated